ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਸਿਨੇ ਜਗਤ ਵਿੱਚ 30 ਸਾਲ ਪੂਰੇ ਕਰ ਲਏ ਹਨ ਅਤੇ ਉਸ ਨੇ ਇਸ ਸਫਰ ਦੌਰਾਨ ਮਿਲੇ ਪਿਆਰ ਲਈ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। 47 ਸਾਲਾ ਅਦਾਕਾਰਾ ਨੇ ਇਸ ਪਲ ਦਾ ਜਸ਼ਨ ਮਨਾਉਣ ਲਈ ਆਪਣੀਆਂ ਕੁਝ ਪ੍ਰਸਿੱਧ ਫਿਿਲਮਾਂ ‘ਚ ਨਿਭਾਏ ਕਿਰਦਾਰਾਂ ਦਾ ਇੱਕ ‘ਵੀਡੀਓ ਸੰਗ੍ਰਿਹ’ ਸਾਂਝਾ ਕੀਤਾ ਹੈ, ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ”ਮੈਨੂੰ ਕੱਲ੍ਹ ਕਿਸੇ ਨੇ ਪੁੱਛਿਆ ਸੀ ਕਿ ਮੈਂ ਕੀ ਮਹਿਸੂਸ ਕਰ ਰਹੀ ਹਾਂ? ਪਰ ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਸਕੀ, ਸਿਵਾਏ ਇਹ ਕਹਿਣ ਦੇ ਕਿ ਮੈਨੂੰ ਬਿਨਾਂ ਸ਼ਰਤ ਐਨਾ ਪਿਆਰ ਦੇਣ ਲਈ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ। ਖੈਰ, 30 ਸਾਲ ਹੋ ਗਏ ਅਤੇ ਗਿਣਤੀ ਜਾਰੀ ਹੈ…ਜੇਕਰ ਰੱਬ ਨੇ ਚਾਹਿਆ ਤਾਂ 30 ਸਾਲ ਹੋਰ ਹੋਣਗੇ।” ਅਦਾਕਾਰਾ ਤਨੂਜਾ ਅਤੇ ਨਿਰਦੇਸਕ ਸੋਮੂ ਮੁਖਰਜੀ ਦੀ ਧੀ ਕਾਜੋਲ ਨੇ 31 ਜੁਲਾਈ 1992 ਨੂੰ ਰਿਲੀਜ ਹੋਈ ਫਿਲਮ ‘ਬੇਖੁਦੀ’ ਨਾਲ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਸੀ। ਤਿੰਨ ਦਹਾਕਿਆਂ ਵਿੱਚ ਉਸ ਨੇ ‘ਯੇ ਦਿਲੱਗੀ’, ‘ਦੁਸ਼ਮਨ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਪਿਆਰ ਤੋ ਹੋਨਾ ਹੀ ਥਾ’, ‘ਫਨਾਹ’ ਅਤੇ ‘ਗੁਪਤ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਇਸੇ ਤਰ੍ਹਾਂ ਉਸ ਨੇ ਸੁਪਰਸਟਾਰ ਸ਼ਾਹਰੁਖ ਖਾਨ ਨਾਲ ‘ਬਾਜੀਗਰ’, ‘ਕਰਨ ਅਰਜੁਨ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗਮ’, ‘ਮਾਈ ਨੇਮ ਇਜ ਖਾਨ’ ਅਤੇ ‘ਦਿਲਵਾਲੇ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ ਆਪਣੇ ਪਤੀ ਅਜੈ ਦੇਵਗਨ ਨਾਲ ਵੀ ‘ਪਿਆਰ ਤੋ ਹੋਨਾ ਹੀ ਥਾ’, ‘ਇਸ਼ਕ’, ‘ਰਾਜੂ ਚਾਚਾ’, ‘ਯੂ ਮੀ ਔਰ ਹਮ’ ਅਤੇ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਹਾਲ ਹੀ ਵਿੱਚ ਖਬਰ ਏਜੰਸੀ ‘ਪੀਟੀਆਈ’ ਨੂੰ ਦਿੱਤੀ ਇੰਟਰਵਿਊ ਵਿੱਚ ਅਦਾਕਾਰਾ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੇ ਕੁਝ ਵੱਡੇ ਨਿਰਦੇਸ਼ਕਾਂ ਨਾਲ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ। ਜਿਿਕਰਯੋਗ ਹੈ ਕਿ ਆਉਂਦੇ ਦਿਨੀਂ ਕਾਜੋਲ ਡਿਜਨੀ ਪਲੱਸ ਹਾਟਸਟਾਰ ‘ਤੇ ਪਹਿਲੀ ਵੈੱਬ ਸੀਰੀਜ ਵਿੱਚ ਨਜਰ ਆਵੇਗੀ।