ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖੁਲਾਸਾ, ਗੈਂਗਸਟਰ ਤੂਫਾਨ ਤੇ ਮਨੀ ਰੱਈਆ ਦਾ ਨਾਂ ਆਇਆ ਸਾਹਮਣੇ

ਚੰਡੀਗੜ੍ਹ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਲਈ 6 ਨਹੀਂ ਸਗੋਂ 9 ਸ਼ਾਰਪ ਸ਼ੂਟਰ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਇਕ ਹੋਰ ਸ਼ੂਟਰ ਸ਼ਾਮਲ ਸੀ। ਇਹ ਤਿੰਨੇ ਮੂਸੇਵਾਲਾ ਦੀ ਰੇਕੀ ਵਿਚ ਵੀ ਸ਼ਾਮਲ ਸਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਨੂੰ ਕਤਲ ਦੇ ਕੋਰੋਲਾ ਮਾਡਿਊਲ ਵਿਚ ਸ਼ਾਮਲ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਲਈ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਨਾਲ ਜਾਣਗੇ। ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇਕ ਦਿਨ ਪਹਿਲਾਂ 28 ਮਈ ਨੂੰ ਗੋਲਡੀ ਬਰਾੜ ਨੇ ਇਨ੍ਹਾਂ ਨੂੰ ਕਿਹਾ ਕਿ ਉਹ ਵੱਖ ਗੱਡੀ ਵਿਚ ਉਥੇ ਜਾਣ। ਉਹ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ। ਉਨ੍ਹਾਂ ਲਈ ਵੱਖ ਗੱਡੀ ਖੜ੍ਹੀ ਕੀਤੀ ਗਈ ਸੀ। ਹਾਲਾਂਕਿ ਅਚਾਨਕ ਗੋਲਡੀ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲ੍ਹੀ ਕਰਨ ਨੂੰ ਕਹਿ ਦਿੱਤਾ।
ਸੂਤਰਾਂ ਮੁਤਾਬਕ ਗੋਲਡੀ ਬਰਾੜ ਵਲੋਂ ਇਨ੍ਹਾਂ ਤਿੰਨੇ ਸ਼ੂਟਰਾਂ ਨੂੰ ਇਸ ਲਈ ਉਥੋਂ ਭੇਜ ਦਿੱਤਾ ਗਿਆ ਸੀ ਕਿਉਂਕਿ ਸਿੱਧੂ ਮੂਸੇਵਾਲਾ ਨਾਲ ਸਕਿਓਰਿਟੀ ਘੱਟ ਸੀ, ਜਿਸ ਤੋਂ ਬਾਅਦ ਛੇ ਸ਼ਾਰਪ ਸ਼ੂਟਰਾਂ ਨੂੰ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਆਖਿਆ ਗਿਆ। ਇਹ ਖੁਲਾਸਾ ਦਿੱਲੀ ਪੁਲਸ ਦੀ ਜਾਂਚ ਵਿਚ ਹੋਇਆ ਹੈ। ਇਸ ਬਾਰੇ ਪੱਟੀ ਪੁਲਸ ਨੂੰ ਇਨਪੁੱਟ ਭੇਜੀ ਗਈ ਹੈ।
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪਹਿਲਾਂ ਪੁਲਸ ਨੇ ਖੁਲਾਸਾ ਕੀਤਾ ਸੀ ਕਿ ਇਸ ਕਤਲ ਕਾਂਡ ਵਿਚ ਛੇ ਸ਼ਾਰਪ ਸ਼ੂਟਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਕਿ ਜਦਿਕ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਵਿਚ ਐਨਕਾਊਂਟਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਕ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਪੁਲਸ ਦੀ ਗ੍ਰਿਫਤ ’ਚੋਂ ਦੂਰ ਦੱਸਿਆ ਜਾ ਰਿਹਾ ਹੈ।