ED ਪਹੁੰਚੀ ਘਰ, ਸੰਜੇ ਰਾਊਤ ਬੋਲੇ- ‘ਬਾਲਾ ਸਾਹਿਬ ਦੀ ਸਹੁੰ ਕਿਸੇ ਘਪਲੇ ਨਾਲ ਲੈਣਾ-ਦੇਣਾ ਨਹੀਂ’

ਮੁੰਬਈ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਸ਼ਿਵ ਸੈਨਾ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਰਾਊਤ ਦੇ ਮੁੰਬਈ ਸਥਿਤ ਰਿਹਾਇਸ਼ ’ਤੇ ਐਤਵਾਰ ਨੂੰ ਛਾਪਾ ਮਾਰਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਈ. ਡੀ. ਨੇ ਰਾਊਤ ਖ਼ਿਲਾਫ ਕਈ ਸੰਮਨ ਜਾਰੀ ਕੀਤੇ ਸਨ, ਉਨ੍ਹਾਂ ਨੂੰ 27 ਜੁਲਾਈ ਨੂੰ ਵੀ ਤਲਬ ਕੀਤਾ ਗਿਆ ਸੀ। ਰਾਊਤ ਨੂੰ ਮੁੰਬਈ ਦੇ ਇਕ ‘ਪਾਤਰਾ ਚੌਲ’ ਘਪਲੇ ਮਾਮਲੇ ’ਚ ਉਨ੍ਹਾਂ ਦੀ ਪਤਨੀ ਤੇ ਹੋਰ ਸਹਿਯੋਗੀਆਂ ਦੀ ਸ਼ਮੂਲੀਅਤ ਵਾਲੇ ਲੈਣ-ਦੇਣ ’ਚ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਪੁੱਛ-ਗਿੱਛ ਲਈ ਈ. ਡੀ. ਨੇ ਤਲਬ ਕੀਤਾ ਸੀ।
ਈ. ਡੀ. ਦੇ ਅਧਿਕਾਰੀ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੇ ਕਾਮਿਆਂ ਨਾਲ ਐਤਵਾਰ ਸਵੇਰੇ 7 ਵਜੇ ਦੇ ਕਰੀਬ ਰਾਊਤ ਦੀ ਰਿਹਾਇਸ਼ ਪਹੁੰਚੇ ਅਤੇ ਛਾਪੇਮਾਰੀ ਸ਼ੁਰੂ ਕੀਤੀ। ਉੱਥੇ ਹੀ ਰਾਊਤ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਈ. ਡੀ. ਦੀ ਕਾਰਵਾਈ ਦੇ ਕੁਝ ਹੀ ਦੇਰ ਬਾਅਦ ਟਵੀਟ ਕੀਤਾ, ‘‘ਮੈਂ ਮਰਹੂਮ ਬਾਲਾ ਸਾਹਿਬ ਠਾਕਰੇ ਦੀ ਸਹੁੰ ਖਾਂਦਾ ਹਾਂ ਕਿ ਮੇਰਾ ਕਿਸੇ ਘਪਲੇ ਨਾਲ ਕੋਈ ਸਬੰਧ ਨਹੀਂ ਹੈ।’’ ਉਨ੍ਹਾਂ ਨੇ ਲਿਖਿਆ, ‘‘ਮੈਂ ਮਰ ਜਾਵਾਂਗਾ ਪਰ ਸ਼ਿਵ ਸੈਨਾ ਨੂੰ ਨਹੀਂ ਛੱਡਾਂਗਾ।’’
ਕੀ ਹੈ ਪਾਤਰਾ ਚੌਲ ਘਪਲਾ-
ਮੀਡੀਆ ਰਿਪੋਰਟ ਮੁਤਾਬਕ ਈ. ਡੀ. ਸੰਜੇ ਰਾਊਤ ਦੀ ਪਤਨੀ ਤੋਂ ਪੁੱਛ-ਗਿੱਛ ਕਰ ਸਕਦੀ ਹੈ। ਦੋਸ਼ਾਂ ਮੁਤਾਬਕ ਪਾਤਰਾ ਚੌਲ ਦੇ ਲੋਕਾਂ ਨੂੰ ਇਕ ਸਰਕਾਰੀ ਜ਼ਮੀਨ ’ਤੇ ਫਲੈਟ ਬਣਾਉਣ ਲਈ ਦਿੱਤੇ ਜਾਣੇ ਸਨ, ਇਸ ਦਾ ਕੁਝ ਹਿੱਸਾ ਪ੍ਰਾਈਵੇਟ ਡਿਵੈਲਪਰਸ ਨੂੰ ਵੀ ਵੇਚਿਆ ਜਾਣਾ ਸੀ। ਜਿਸ ਕੰਪਨੀ ਨੇ ਇਹ ਠੇਕਾ ਲਿਆ ਸੀ, ਉਹ ਸੰਜੇ ਰਾਊਤ ਦੇ ਰਿਸ਼ਤੇਦਾਰ ਪ੍ਰਵੀਣ ਰਾਊਤ ਦੀ ਸੀ। ਦੋਸ਼ ਹੈ ਕਿ ਇੱਥੇ ਕੋਈ ਫਲੈਟ ਬਣਾਏ ਹੀ ਨਹੀਂ ਗਏ ਅਤੇ ਸਾਰੀ ਜ਼ਮੀਨ ਪ੍ਰਾਈਵੇਟ ਡਿਵੈਲਪਰਸ ਨੂੰ ਵੇਚ ਦਿੱਤੀ ਗਈ। ਸੰਜੇ ਰਾਊਤ ਤੋਂ ਇਸ ਘਪਲੇ ਨੂੰ ਲੈ ਕੇ ਪੁੱਛ-ਗਿੱਛ ਕੀਤੀ ਜਾਣੀ ਸੀ ਪਰ ਈ. ਡੀ. ਦੇ ਸੰਮਨ ਮਗਰੋਂ ਵੀ ਉਹ ਨਹੀਂ ਪਹੁੰਚੇ। ਉਨ੍ਹਾਂ ਨੇ ਮੌਜੂਦਾ ਸੰਸਦ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ 7 ਅਗਸਤ ਮਗਰੋਂ ਹੀ ਹਾਜ਼ਰ ਹੋ ਸਕਣਗੇ।