ਯਮੁਨਾਨਗਰ – ਹਰਿਆਣਾ ਦੇ ਯਮੁਨਾਨਗਰ ’ਚ ਦੋ ਬੱਚਿਆਂ ’ਚ ਮੰਕੀਪਾਕਸ ਦੇ ਲੱਛਣ ਮਿਲੇ ਹਨ। ਦੋਹਾਂ ਨੂੰ ਯਮੁਨਾਨਗਰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਦੋਵੇਂ ਬੱਚੇ ਭਰਾ-ਭੈਣ ਹਨ, ਜਿਸ ’ਚ ਮੁੰਡੇ ਦੀ ਉਮਰ ਢਾਈ ਸਾਲ ਅਤੇ ਕੁੜੀ ਦੀ ਉਮਰ ਡੇਢ ਸਾਲ ਹੈ। ਇਨ੍ਹਾਂ ਨੂੰ ਪਿਛਲੇ 12 ਦਿਨਾਂ ਤੋਂ ਬੁਖ਼ਾਰ ਸੀ ਅਤੇ ਸਰੀਰ ’ਚ ਧੱਫੜ ਪੈਣੇ ਸ਼ੁਰੂ ਹੋ ਗਏ ਸਨ।
ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਟੀ. ਵੀ. ’ਤੇ ਮੰਕੀਪਾਕਸ ਦੇ ਲੱਛਣ ਬਾਰੇ ਵੇਖਿਆ, ਜਿਸ ਮਗਰੋਂ ਉਨ੍ਹਾਂ ਨੇ ਯਮੁਨਾਨਗਰ ਕੰਟਰੋਲ ਰੂਮ ’ਚ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਯਮੁਨਾਨਗਰ ਦੇ ਸੀ. ਐੱਮ. ਓ. ਡਾ. ਮਨਜੀਤ ਸਿੰਘ ਨੇ ਤੁਰੰਤ ਟੀਮ ਨੂੰ ਅਲਰਟ ਕੀਤਾ ਅਤੇ ਐਂਬੂਲੈਂਸ ਤੋਂ ਪਰਿਵਾਰ ਦੇ ਦੋਹਾਂ ਬੱਚਿਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਸਿਵਲ ਹਸਪਤਾਲ ’ਚ ਲਿਆ ਕੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ।
ਸੀ. ਐੱਮ. ਓ. ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਮਜ਼ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਸ ਦੀ ਰਿਪੋਰਟ ਭੇਜਣ, ਤਾਂ ਕਿ ਅੱਗੇ ਦੀ ਕਾਰਵਾਈ ਉਸੇ ਹਿਸਾਬ ਨਾਲ ਕੀਤੀ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਮੰਕੀਪਾਕਸ ਦੇ ਮਾਮਲੇ ’ਚ ਬੁਖ਼ਾਰ ਨਾਲ ਸਰੀਰ ’ਤੇ ਧੱਫੜ ਹੋ ਜਾਂਦੇ ਹਨ। ਜੋ ਸ਼ੁਰੂ ’ਚ ਇਕ ਦੋ ਜਾਂ ਤਿੰਨ ਅਤੇ ਫਿਰ ਸਾਰੇ ਸਰੀਰ ’ਚ ਫੈਲ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ’ਚ ਸਾਰੇ ਪਰਿਵਾਰ ਦੀ ਜਾਂਚ ਕਰਵਾਈ ਗਈ ਹੈ ਅਤੇ ਦੋਹਾਂ ਬੱਚਿਆਂ ਦੇ ਨਮੂਨੇ ਲੈ ਕੇ ਭੇਜੇ ਗਏ ਹਨ।