ਪਠਾਨਕੋਟ – ਮਹਾਨ ਸ਼ਹੀਦ ਉਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਪਠਾਨਕੋਟ ਜ਼ਿਲ੍ਹੇ ਦੇ ਕਿਸਾਨਾਂ ਨੇ ਐੱਮ.ਐੱਸ.ਪੀ. ਦੀ ਕਾਨੂੰਨ ਗਰੰਟੀ, ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨ ਮਜ਼ਦੂਰਾਂ ਨੂੰ ਯੋਗ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਅਵਾਜ਼ ਬੁਲੰਧ ਕੀਤੀ ਅਤੇ ਕਿਹਾ ਕਿ ਨੌਜਵਾਨ ਵਿਰੋਧੀ ਅਗਨੀਪੱਥ ਯੋਜਨਾ ਵਾਪਿਸ ਲਈ ਜਾਵੇ। ਇਸ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਚੱਕੀ ਬੈਂਕ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ 11 ਵਜੇ ਤੋਂ 3 ਵਜੇ ਤਕ ਪੂਰੀ ਤਰ੍ਹਾਂ ਰੇਲ ਦਾ ਚੱਕਾ ਜਾਮ ਕੀਤਾ ਗਿਆ।
ਮੋਰਚੇ ’ਚ ਸ਼ਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਕੁਲ ਹਿੰਦ ਕਿਸਾਨ ਸਭਾ (ਸਾਂਭਰ), ਕੁਲ ਹਿੰਦ ਕਿਸਾਨ ਸਭਾ (ਪੂਨੇਵਾਲ), ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਸਰਵਸਾਥੀ ਰਘਬੀਰ ਸਿੰਘ ਧਲੌਰੀਆਂ, ਪ੍ਰੇਮ ਸਿੰਘ, ਇਕਬਾਲ ਸਿੰਘ, ਮੁਖਤਿਆਰ ਸਿੰਘ ਅਤੇ ਕੇਵਲ ਸਿੰਘ ਕੰਗ ਦੀ ਸਾਂਝੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਬਲਵੰਤ ਸਿੰਘ ਘੋਹ, ਕੇਵਲ ਕਾਲੀਆ, ਸਤਿਆ ਦੇਵ ਸੈਣੀ, ਸੂਰਤੀ ਲਾਲ, ਕੇਵਲ ਸਿੰਘ ਕੰਗ, ਸ਼ਿਵ ਕੁਮਾਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਤੇ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸੀ ਮੌਕੇ ਉਪਰੋਕਤ ਮੁੱਦਿਆਂ ਨੂੰ ਵਾਅਦੇ ਮੁਤਾਬਕ ਹੱਲ ਕਰਨ ਦੀ ਬਜਾਏ ਮੁਕਰ ਕੇ ਵਿਸ਼ਵਾਸਘਾਤ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ, ਭਾਜਪਾ ਅਤੇ ਆਰ.ਐੱਸ.ਐੱਸ ਦੇ ਖ਼ਿਲਾਫ਼ ਇਕ ਵਾਰ ਫਿਰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਏਗੀ। ਸੰਯੁਕਤ ਕਿਸਾਨ ਮੋਰਚਾ ਸਰਕਾਰੀ ਕਮੇਟੀ ਰੱਦ ਕਰਦਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਐਲਾਨ ਅਨੁਸਾਰ 14 ਅਗਸਤ ਨੂੰ ਨੌਜਵਾਨਾਂ ਖ਼ਿਲਾਫ਼ ਲਿਆਂਦੀ ਅਗਨੀਪੱਥ ਯੋਜਨਾ ਤੋਂ ਜਾਣੂ ਕਰਾਉਣ ਲਈ ਜ਼ਿਲ੍ਹਾ ਪੱਧਰ ਤੇ ਕਨਵੈਨਸ਼ਨਾਂ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਧਰਨੇ ਨੂੰ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ, ਪਰਸ਼ੋਤਮ ਸਿੰਘ, ਅਮਰੀਕ ਸਿੰਘ, ਬਿਕਰਮਜੀਤ ਸਿੰਘ, ਨਰਿੰਜਨ ਸਿੰਘ, ਹਰਬੰਸ ਲਾਲ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ।