ਕੋਲਕਾਤਾ– ਕਰੋੜਾਂ ਰੁਪਏ ਦੇ ਅਧਿਆਪਕ ਭਰਤੀ ਘਪਲੇ ਦੇ ਘੇਰੇ ’ਚ ਘਿਰੇ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਦੌਰਾਨ ਜੋ ਧਨ ਬਰਾਮਦ ਹੋਇਆ, ਉਹ ਉਨ੍ਹਾਂ ਦਾ ਨਹੀਂ ਹੈ। ਸਮਾਂ ਦੱਸੇਗਾ ਕਿ ਉਨ੍ਹਾਂ ਖ਼ਿਲਾਫ਼ ‘ਸਾਜ਼ਿਸ਼’ ਵਿਚ ਕੌਣ ਸ਼ਾਮਲ ਹੈ। ਇਸ ਮਾਮਲੇ ’ਚ ਪਾਰਥ ਚੈਟਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ ਮੈਡੀਕਲ ਜਾਂਚ ਲਈ ਈ. ਐੱਸ. ਆਈ. ਹਸਪਤਾਲ ਲੈ ਕੇ ਜਾਣ ਮਗਰੋਂ ਜਦੋਂ ਉਹ ਵਾਹਨ ਤੋਂ ਉਤਰੇ ਅਤੇ ਘਪਲੇ ਦੇ ਸਬੰਧ ’ਚ ਸਵਾਲ ਪੁੱਛਣ ਲਈ ਪੱਤਰਕਾਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਚੈਟਰਜੀ ਨੇ ਕਿਹਾ, ‘‘ਬਰਾਮਦ ਪੈਸਾ ਮੇਰਾ ਨਹੀਂ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਕੋਈ ਉਨ੍ਹਾਂ ਖ਼ਿਲਾਫ ਸਾਜਿਸ਼ ਕਰ ਰਿਹਾ ਹੈ, ਇਸ ’ਤੇ ਉਨ੍ਹਾਂ ਨੇ ਕਿਹਾ, ‘‘ਸਮਾਂ ਆਉਣ ’ਤੇ ਤੁਹਾਨੂੰ ਪਤਾ ਲੱਗ ਜਾਵੇਗਾ।’’
ਕਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਮੰਨੇ ਜਾਣ ਵਾਲੇ ਚੈਟਰਜੀ ਨੂੰ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਵੀ ਹਟਾ ਦਿੱਤਾ ਗਿਆ ਹੈ। ਪਾਰਟੀ ਦਾ ਇਸ ਘਪਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਇਕ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਈ. ਡੀ. ਨੇ ਸ਼ਹਿਰ ਦੇ ਕੁਝ ਹਿੱਸਿਆਂ ’ਚ ਉਨ੍ਹਾਂ ਦੇ ਅਪਾਰਟਮੈਂਟ ਤੋਂ ਕਰੋੜਾਂ ਰੁਪਏ ਨਕਦੀ ਜ਼ਬਤ ਕਰਨ ਮਗਰੋਂ ਗ੍ਰਿਫ਼ਤਾਰ ਕੀਤਾ ਹੈ।
ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੀ. ਬੀ. ਆਈ. ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਦੀ ਸਿਫਾਰਸ਼ ’ਤੇ ਸਰਕਾਰੀ ਸਪਾਂਸਰਡ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਮੂਹ-ਸੀ ਅਤੇ ਡੀ ਕਰਮਚਾਰੀਆਂ ਦੇ ਨਾਲ ਅਧਿਆਪਕਾਂ ਦੀ ਭਰਤੀ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਿਹਾ ਹੈ।