ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿਘ ਜੌੜਾਮਾਜਰਾ ਵਲੋਂ ਫਰੀਦਕੋਟ ਮੈਡੀਕਲ ਹਸਪਤਾਲ ਵਿਚ ਮਾੜੇ ਪ੍ਰਬੰਧਾਂ ਦੇ ਚੱਲਦੇ ਵੀ. ਸੀ. ਨਾਲ ਕੀਤੇ ਗਏ ਰਵੱਈਏ ਤੋਂ ਬਾਅਦ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿਹਤ ਮੰਤਰੀ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਨਾਮਵਰ ਸਰਜਨ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ ਨਾਲ ਕੀਤੇ ਗਏ ਨਿੰਦਣਯੋਗ ਵਤੀਰੇ ਦੀ ਮੈਂ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹਾਂ। ਮੈਂ ਡਾ. ਬਹਾਦੁਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ‘ਆਪ’ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਦੁਰਵਿਵਹਾਰ ਖ਼ਿਲਾਫ਼ ਪੂਰੇ ਡਾਕਟਰੀ ਭਾਈਚਾਰੇ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।
ਸੁਖਬੀਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਆਪਣੇ ‘ਉਸਤਾਦ’ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਸਰਕਾਰੀ ਅਧਿਕਾਰੀਆਂ ਨੂੰ ਨੀਵਾਂ ਦਿਖਾਉਣ ਲਈ ਆਪਣੀ ਸਿਆਸੀ ਤਾਕਤ ਦੀ ਲਗਾਤਾਰ ਦੁਰਵਰਤੋਂ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੀ ਬੇਨਤੀ ਕਰਦਿਆਂ ਚਿਤਾਇਆ ਕਿ ਉਹ ਆਪਣੇ ਵਿਧਾਇਕਾਂ ਦੇ ਅਪਰਾਧਿਕ ਰੁਝਾਨ ‘ਤੇ ਲਗਾਮ ਕੱਸਣ, ਨਹੀਂ ਤਾਂ ਪੰਜਾਬੀਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।