ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੋਹਲੇਧਾਰ ਮੀਂਹ ਕਾਰਨ ਇਕੋ ਪਰਿਵਾਰ ਦੇ 4 ਜੀਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਡਾਨ ਨੇ ਆਪਣੀ ਇਕ ਰਿਪੋਰਟ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਕੋਟ ਚੱਠਾ ਤਹਿਸੀ ਦੇ ਤਾਲਪੁਰ ਛੋਟੀ ਜ਼ਰੀਨ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਪਹਾੜੀ ਨਾਲੇ ਵਿਚ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਬਚਾਅ ਸੂਤਰਾਂ ਨੇ ਦੱਸਿਆ ਕਿ ਸੁਲੇਮਾਨ ਪਹਾੜੀ ‘ਤੇ ਮੋਹਲੇਧਾਰ ਮੀਂਹ ਕਾਰਨ ਡੇਰਾ ਗਾਜ਼ੀ ਖਾਨ ਅਤੇ ਰਾਜਨਪੁਰ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਨਸ਼ਟ ਹੋ ਗਏ।
ਮਰਨ ਵਾਲਿਆਂ ਵਿਚ ਜ਼ਰੀਨ ਵਾਸੀ ਅਫਜ਼ਲ ਦੇ ਦੋਵੇਂ ਪੁੱਤਰ ਜ਼ਾਹਿਦ ਅਤੇ ਅਸਲਮ, ਫਾਰੂਕ ਅਤੇ ਉਸ ਦੀ ਪਤਨੀ ਕਾਸਿਮ ਹਨ। ਇਹ ਤੇਜ਼ ਪਾਣੀ ਦੀ ਧਾਰਾ ਵਿੱਚ ਰੁੜ ਗਏ। ਬਚਾਅ ਕਰਮਚਾਰੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਇੱਕ ਹੋਰ ਘਟਨਾ ਵਿੱਚ ਆਰਿਫ਼ਵਾਲਾ ਰੋਡ ’ਤੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ 4 ਕਪਾਹ ਚੁਗਣ ਵਾਲੇ ਜ਼ਿੰਦਾ ਮਲਬੇ ਹੇਠ ਦੱਬੇ ਗਏ ਅਤੇ 14 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 36 ਤੋਂ ਵੱਧ ਮਹਿਲਾ ਮਜ਼ਦੂਰ ਪਿਛਲੇ ਇੱਕ ਹਫ਼ਤੇ ਤੋਂ ਜ਼ਿਮੀਦਾਰ ਮੁਹੰਮਦ ਬਖਸ਼ ਦੀ ਮਲਕੀਅਤ ਵਾਲੇ ਘਰ ਵਿੱਚ ਰਹਿ ਰਹੀਆਂ ਸਨ।
ਮੀਂਹ ਕਾਰਨ ਆਉਟਹਾਊਸ ਦੀ ਛੱਤ ਡਿੱਗ ਗਈ, ਜਿਸ ਨਾਲ ਜ਼ਰੀਨਾ (40), ਆਇਸ਼ਾ (15), ਰਜ਼ੀਆ ਬੀਬੀ (32) ਅਤੇ ਬੀਬੀ ਰਾਣੀ (62) ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਦੋ ਬੱਚੇ ਅਤੇ ਛੇ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਚਾਰ ਔਰਤਾਂ ਦੀ ਮੌਤ ਦਾ ਨੋਟਿਸ ਲੈਂਦਿਆਂ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਇੱਥੋਂ ਕਰੀਬ 8 ਕਿਲੋਮੀਟਰ ਦੂਰ ਸਥਿਤ ਪਿੰਡ ਓਕਾਰਾ ਵਿੱਚ ਇਖ ਛੱਤ ਡਿੱਗਣ ਕਾਰਨ 5 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਇੱਕ ਬਜ਼ੁਰਗ ਔਰਤ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ‘ਚ ਅਕਰਮ, ਅਸਲਮ, ਸਲਮਾਨ, ਸ਼ਾਕਿਰ ਅਤੇ ਸਲੀਨਾ ਸ਼ਾਮਲ ਹਨ, ਜਦਕਿ ਅਕਰਮ ਦਾ ਪੁੱਤਰ ਸ਼ਾਨ ਜ਼ਿੰਦਾ ਮਲਬੇ ‘ਚ ਦੱਬਿਆ ਗਿਆ। ਬਸਤੀ ਮੋਰਾਂਵਾਲੀ, ਝਾਂਗ ਵਾਸੀ 17 ਸਾਲਾ ਸ਼ੋਏਬ ਅਸਲਮ ਚਨਾਬ ਨਦੀ ‘ਚ ਨਹਾਉਣ ਗਿਆ ਸੀ, ਜੋ ਡੂੰਘੇ ਪਾਣੀ ‘ਚ ਜਾਣ ਕਾਰਨ ਡੁੱਬ ਗਿਆ।