ਡਰੋਨ ਦੀ ਮਦਦ ਨਾਲ ਪੁਲਸ ਨੇ ਨਸ਼ਿਆਂ ਖ਼ਿਲਾਫ਼ ‘ਜੌਲੀਆਂ’ ‘ਚ ਚਲਾਇਆ ਸਰਚ ਅਭਿਆਨ

ਭਵਾਨੀਗੜ੍ਹ- ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਤਹਿਤ ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀ.ਐੱਸ.ਪੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਭਵਾਨੀਗੜ੍ਹ ਪੁਲਸ ਵੱਲੋਂ ਇਲਾਕੇ ਦੇ ਜੌਲੀਆਂ ਪਿੰਡ ’ਚ ਸਰਚ ਅਭਿਆਨ ਚਲਾਇਆ ਗਿਆ। ਪੁਲਸ ਨੇ ਇਸ ਦੌਰਾਨ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਤੇ ਡੀ.ਐੱਸ.ਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ ਭਵਾਨੀਗੜ੍ਹ ਅਧੀਨ ਆਉਂਦੇ ਪਿੰਡ ਜੌਲੀਆਂ ਵਿਖੇ 40 ਪੁਲਸ ਮੁਲਾਜ਼ਮਾਂ ਵੱਲੋਂ 3 ਘੰਟੇ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਲੋਕਾਂ ਦੇ ਘਰਾਂ ‘ਚ ਛਾਪਾਮਾਰੀ ਕਰਨ ਤੋਂ ਪਹਿਲਾਂ ਪੁਲਸ ਨੇ ਡਰੋਨ ਦੀ ਵਰਤੋਂ ਕੀਤੀ ਤਾਂ ਜੋਂ ਅਪਰਾਧਿਕ ਲੋਕ ਪਿੰਡ ‘ਚੋਂ ਇੱਧਰ ਓਧਰ ਨਾ ਹੋ ਸਕਣ।
ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਪੁਲਸ ਨੇ ਪਿੰਡ ‘ਚੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਦਿਆਂ ਇਸ ਸਬੰਧੀ ਬਲਜੀਤ ਸਿੰਘ ਉਰਫ਼ ਬੀਟਾ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ ਪਿੰਡ ’ਚ ਮੌਜੂਦ ਬਾਹਰਲੇ ਲੋਕਾਂ ਸਮੇਤ ਇਕ ਸਥਾਨਕ ਆਦਤਨ ਅਪਰਾਧੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਬਾਜਵਾ ਨੇ ਦੱਸਿਆ ਕਿ ਛਾਪਾਮਾਰੀ ਦੌਰਾਨ ਪੁਲਸ ਨੇ ਇਕ ਮਾਰੂਤੀ ਆਲਟੋ ਤੇ ਇਕ ਸਵਿਫ਼ਟ ਕਾਰ ਨੂੰ ਜ਼ਬਤ ਕਰਨ ਦੇ ਨਾਲ-ਨਾਲ ਅਸਲੀ ਪਿਸਤੌਲ ਦਾ ਭੁੱਲੇਖਾ ਪਾਉਂਦੇ ਇਕ ਸਿਗਰਟ ਲਾਇਟਰ ਨੂੰ ਵੀ ਕਬਜੇ ’ਚ ਲਿਆ ਹੈ। ਇਸ ਮੌਕੇ ਡੀ.ਐੱਸ.ਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਇਲਾਕੇ ‘ਚ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਵੀ ਨਸ਼ਿਆਂ ਖਿਲਾਫ਼ ਸਰਚ ਆਪ੍ਰੇਸ਼ਨ ਜਾਰੀ ਰੱਖੇ ਜਾਣਗੇ।