ਕੀਵ-ਰੂਸੀ ਫੌਜ ਨੇ ਪਿਛਲੇ ਕੁਝ ਹਫ਼ਤਿਆਂ ‘ਚ ਪਹਿਲੀ ਵਾਰ ਕੀਵ ਖੇਤਰ ‘ਚ ਵੀਰਵਾਰ ਨੂੰ ਮਿਜ਼ਾਈਲ ਹਮਲਾ ਕੀਤਾ। ਇਸ ਦੇ ਨਾਲ ਹੀ ਰੂਸੀ ਫੌਜ ਨੇ ਉੱਤਰੀ ਚੇਰਨੀਹਾਈਵ ਖੇਤਰ ‘ਚ ਵੀ ਹਮਲਾ ਕੀਤਾ ਹੈ। ਇਸ ਦਰਮਿਆਨ, ਯੂਕ੍ਰੇਨੀ ਅਧਿਕਾਰੀਆਂ ਨੇ ਦੇਸ਼ ਦੇ ਦੱਖਣ ‘ਚ ਕਬਜ਼ੇ ਵਾਲੇ ਖੇਰਸਾਨ ਖੇਤਰ ਨੂੰ ਵਾਪਸ ਕਰਨ ਲਈ ਇਕ ਜਵਾਬੀ ਕਾਰਵਾਈ ਦਾ ਐਲਾਨ ਕੀਤਾ। ਜੰਗ ਦੀ ਸ਼ੁਰੂਆਤ ‘ਚ ਖੇਰਸਾਨ ਖੇਤਰ ‘ਚ ਰੂਸ ਦੀ ਫੌਜ ਨੇ ਕਬਜ਼ਾ ਕਰ ਲਿਆ ਸੀ। ਖੇਤਰੀ ਗਵਰਨਰ ਓਲੇਕਸੀ ਕੁਲੇਬਾ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਕੀਵ ਦੇ ਬਾਹਰੀ ਇਲਾਕੇ ‘ਚ ਸਥਿਤ ਵੈਸ਼ਗੋਰੋਡ ਜ਼ਿਲ੍ਹੇ ਨੂੰ ਸਵੇਰੇ-ਸਵੇਰੇ ਨਿਸ਼ਾਨਾ ਬਣਾਇਆ ਗਿਆ।
ਕੁਲੇਬਾ ਨੇ ਯੂਕ੍ਰੇਨੀ ਟੈਲੀਵਿਜ਼ਨ ‘ਤੇ ਕਿਹਾ ਕਿ ਰੂਸ, ਮਿਜ਼ਾਈਲਾਂ ਦੀ ਮਦਦ ਨਾਲ, ਉਸ ਵੱਲ ਕੀਤੇ ਜਾ ਰਹੇ ਟਕਰਾਅ ਦਾ ਬਦਲਾ ਲੈ ਰਹੇ ਹਨ। ਯੂਕ੍ਰੇਨ ਪਹਿਲਾਂ ਹੀ ਰੂਸ ਦੀਆਂ ਯੋਜਨਾਵਾਂ ਨੂੰ ਅਸਫਲ ਕਰ ਚੁੱਕਿਆ ਹੈ ਅਤੇ ਉਹ ਆਪਣਾ ਬਚਾਅ ਕਰਨਾ ਜਾਰੀ ਰੱਖੇਗਾ। ਚੇਰਨੀਹਾਈਵ ਖੇਤਰ ਦੇ ਗਵਰਨਰ ਵਯਾਚੇਸਲਾਵ ਚੌਸ ਨੇ ਦੱਸਿਆ ਕਿ ਰੂਸੀ ਫੌਜ ਨੇ ਬੇਲਾਰੂਸ ਦੇ ਖੇਤਰ ਤੋਂ ਹੋਨਚਾਰਿਵਸਕਾ ਪਿੰਡ ‘ਚ ਮਿਜ਼ਾਈਲਾਂ ਵੀ ਦਾਗੀਆਂ।
ਚੇਰਨੀਹਾਈਵ ਖੇਤਰ ਨੂੰ ਹਫ਼ਤਿਆਂ ‘ਚ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਵੀਰਵਾਰ ਦੀ ਸਵੇਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਸ਼ਹਿਰਾਂ ਅਤੇ ਪਿੰਡਾਂ ‘ਚ ਰੂਸੀ ਗੋਲਾਬਾਰੀ ‘ਚ ਪੂਰਬੀ ਡੋਨੇਸਤਕ ਸੂਬੇ ‘ਚ ਘਟੋ-ਘੱਟ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ ਹਨ। ਡੋਨੇਸਤਕ ਖੇਤਰ ਦੇ ਗਵਰਨਰ ਪਾਵਲੋ ਕਿਰਿਲੇਂਕੇ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਫਿਰ ਤੋਂ ਮਿਜ਼ਾਈਲ ਹਮਲਾ। ਅਸੀਂ ਹਾਰ ਨਹੀਂ ਮੰਨਾਂਗੇ।…ਅਸੀਂ ਨਹੀਂ ਡਰਾਂਗੇ।