ਪੋਸ਼ਕ ਅਨਾਜ ਨੂੰ ਲੋਕਪ੍ਰਿਯ ਬਣਾਉਣ ਲਈ ਸਰਕਾਰ ਦੇਸ਼-ਵਿਦੇਸ਼ ’ਚ ਪ੍ਰੋਗਰਾਮ ਚਲਾਏਗੀ : ਤੋਮਰ

ਜੈਤੋ – ਬਾਜਰਾ ਅਤੇ ਹੋਰ ਪੋਸ਼ਕ ਅਨਾਜ ਨੂੰ ਲੋਕਪ੍ਰਿਯ ਬਣਾਉਣ ਲਈ ਸਰਕਾਰ ਦੇਸ਼ ਅਤੇ ਵਿਦੇਸ਼ਾਂ ’ਚ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਾਰੇ ਮੰਤਰਾਲਾ/ਵਿਭਾਗ, ਸੂਬਾ ਸਰਕਾਰਾਂ ਦੇ ਨਾਲ, ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ (ਡੀ. ਏ. ਐਂਡ ਐੱਫ. ਡਬਲਯੂ.) ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀ. ਏ. ਆਰ. ਈ.) ਨਾਲ ਤਾਲਮੇਲ ਕਰ ਕੇ ਪੋਸ਼ਕ ਅਨਾਜ ਨੂੰ ਬੜ੍ਹਾਵਾ ਦੇਣਗੇ। ‘ਅੰਤਰਰਾਸ਼ਟਰੀ ਬਾਜਰਾ ਸਾਲ’ ਵਿਸ਼ੇ ’ਤੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਗੱਲ ਕਹੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਸਾਹਮਣੇ ਸਾਲ 2023 ਨੂੰ ਅੰਤਰਰਾਸ਼ਟਰੀ ਬਾਜਰਾ ਸਾਲ (ਆਈ. ਵਾਈ. ਓ. ਐੱਮ.) ਐਲਾਨ ਕਰਨ ਦਾ ਪ੍ਰਸਤਾਵ ਦਿੱਤਾ ਸੀ। ਭਾਰਤ ਦੇ ਪ੍ਰਸਤਾਵ ਨੂੰ 72 ਦੇਸ਼ਾਂ ਨੇ ਸਮਰਥਨ ਦਿੱਤਾ ਅਤੇ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਨੇ ਮਾਰਚ 2021 ’ਚ ਸਾਲ 2023 ਨੂੰ ਅੰਤਰਰਾਸ਼ਟਰ ਬਾਜਰਾ ਸਾਲ (ਆਈ. ਵਾਈ. ਓ. ਐੱਮ.) ਵਜੋਂ ਐਲਾਨ ਕੀਤਾ।