ਹਥਿਆਰਾਂ ਤੇ ਗੋਲਾ-ਬਾਰੂਦ ਨਿਰਮਾਣ ਦੀ ਸਮਰੱਥਾ ਨਾਲ ਕਿਸੇ ਦੇਸ਼ ਦੀ ਆਰਥਿਕ ਤਰੱਕੀ ਪਤਾ ਲੱਗਦੀ ਹੈ: ਰਾਜਨਾਥ

ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਗੋਲਾ-ਬਾਰੂਦ ਦੇ ਖੇਤਰ ਵਿਚ ਦੇਸ਼ ਦੀ ਆਰਥਿਕ ਮੁਹਾਰਤਾ ਝਲਕਦੀ ਹੈ ਅਤੇ ਭਾਰਤ ਨੂੰ ਇਸ ਖੇਤਰ ਵਿਚ ਖੋਜ ਅਤੇ ਵਿਕਾਸ ਵਧਾਉਣ ਤੇ ਉਤਪਾਦਨ ਸਮਰੱਥਾ ਵਿਚ ਵਾਧਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਰਾਜਨਾਥ ਨੇ ਭਾਰਤੀ ਵਣਜ ਅਤੇ ਉਦਯੋਗ ਚੈਂਬਰ ਕਨਫੈਡਰੇਸ਼ਨ (ਫਿੱਕੀ) ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਉਸ ਸਮੇਂ ਤੋਂ ਬਹੁਤ ਅੱਗੇ ਨਿਕਲ ਚੁੱਕੇ ਹਨ ਜਦੋਂ ਬੰਬ ਦਾ ਅਕਾਰ ਅਤੇ ਉਸਦੀ ਵਿਸਫੋਟਕ ਸਮਰੱਥਾ ਹੀ ਮਹੱਤਵ ਰੱਖਦੀ ਸੀ। ਹੁਣ ਉਨ੍ਹਾਂ ਦਾ ਸਮਾਰਟ ਹੋਣਾ ਵੀ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਨਤ ਗੋਲਾ-ਬਾਰੂਦ ਨਵੇਂ ਜ਼ਮਾਨੇ ਦੀ ਯੁੱਧ ਦੀ ਅਸਲੀਅਤ ਹੈ ਤਾਂ ਦੇਸ਼ ਨੂੰ ਆਪਣਾ ਧਿਆਨ ਇਸ ਖੇਤਰ ਵਿਚ ਹੋਣ ਵਾਲੀ ਖੋਜ ਅਤੇ ਵਿਕਾਸ, ਸਵਦੇਸ਼ੀ ਸਮਰੱਥਾ ਅਤੇ ਉਤਪਾਦਨ ਸਮਰੱਥਾ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਕਿਸੇ ਦੇਸ਼ ਦੀ ਤਰੱਕੀ ਅਤੇ ਆਰਥਿਕ ਵਿਕਾਸ ਹਥਿਆਰਾਂ ਅਤੇ ਗੋਲਾ-ਬਾਰੂਦ ਨਿਰਮਾਣ ਦੀ ਉਸਦੀ ਸਮਰੱਥਾ ਨਾਲ ਆਪਣੇ-ਆਪ ਵਿਚ ਝਲਕਦਾ ਹੈ।