ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਕਰੀਬੀ ਪਰਦੀਪ ਕੁਮਾਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ – ਆਪ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਕਰੀਬੀ ਪ੍ਰਦੀਪ ਕੁਮਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੇ ਸਿੰਗਲਾ ਦੇ ਨਾਲ-ਨਾਲ ਪ੍ਰਦੀਪ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੇਸ਼ੀ ਦੌਰਾਨ ਪ੍ਰਦੀਪ ਕੁਮਾਰ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ ਅਤੇ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਆਪਣੇ ਵਾਈਸ ਸੈਂਪਲ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਸ ਲਈ ਪ੍ਰਦੀਪ ਦਾ ਜੇਲ੍ਹ ਵਿੱਚ ਹੋਣਾ ਕੋਈ ਜਾਇਜ਼ ਨਹੀਂ ਹੈ। ਵਕੀਲ ਦੇ ਇਨ੍ਹਾਂ ਬਿਆਨਾਂ ‘ਤੇ ਅਦਾਲਤ ਨੇ ਪ੍ਰਦੀਪ ਨੂੰ ਜ਼ਮਾਨਤ ਦੇ ਦਿੱਤੀ।
ਇਹ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਵਿਜੇ ਸਿੰਗਲਾ ਖ਼ਿਲਾਫ਼ ਸਿਹਤ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਨੇ ਕੇਸ ਦਰਜ ਕਰਵਾਇਆ ਸੀ। ਇਸ ਅਧਿਕਾਰੀ ਨੇ ਉਨ੍ਹਾਂ ’ਤੇ ਇਲਜ਼ਾਮ ਲਗਾਇਆ ਕਿ ਵਾਰ-ਵਾਰ ਬੁਲਾ ਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ। ਮੰਤਰੀ ਨੇ ਖੁਦ ਆਪਣੇ ਓ.ਐੱਸ.ਡੀ. ਪ੍ਰਦੀਪ ਕੁਮਾਰ ਰਾਹੀਂ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਜਦੋਂ ਉਹ ਨਾ ਦੇ ਸਕਿਆ ਤਾਂ ਉਸ ਨੂੰ ਸਕੱਤਰੇਤ ਬੁਲਾ ਕੇ ਮੰਤਰੀ ਵੱਲੋਂ ਆਪਣੇ ਸਾਥੀ ਨੂੰ ਪੈਸੇ ਦੇਣ ਲਈ ਕਿਹਾ। ਇਸ ਪੂਰੀ ਵਾਰਤਾਲਾਪ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਰਿਕਾਰਡ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਜੇ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ ਸੀ।