ਸਮ੍ਰਿਤੀ ਈਰਾਨੀ ਦਾ ਤਲਖੀ ਭਰਿਆ ਅੰਦਾਜ਼, ਰਾਸ਼ਟਰਪਤੀ ‘ਤੇ ਵਿਵਾਦਿਤ ਬਿਆਨ ਨੂੰ ਲੈ ਕੇ ਘੇਰੀ ਕਾਂਗਰਸ

ਨਵੀਂ ਦਿੱਲੀ– ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਕਾਂਗਰਸ ਨੂੰ ਆਦਿਵਾਸੀ ਵਿਰੋਧੀ ਕਰਾਰ ਦਿੰਦੇ ਹੋ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਅਪਮਾਨਿਤ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸਦਨ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਸਮ੍ਰਿਤੀ ਈਰਾਨੀ ਨੇ ਕਾਂਗਰਸ ਦੇ ਨੇਤਾ ਸਦਨ ਅਧੀਰ ਰੰਜਨ ਚੌਧਰੀ ਦੁਆਰਾ ਰਾਸ਼ਟਰਪਤੀ ਲਈ ਕੀਤੀ ਗਈ ਟਿੱਪਣੀ ਨੂੰ ਅਣਉਚਿਤ ਕਰਾਰ ਦਿੰਦੇ ਹੋਏ ਕਾਂਗਰਸ ਨੂੰ ਆਦਿਵਾਸੀ ਅਤੇ ਮਹਿਲਾ ਵਿਰੋਧੀ ਦੱਸਿਆ।
ਉਨ੍ਹਾਂ ਤਲਖ਼ੀ ਭਰੇ ਲਹਿਜ਼ੇ ਨਾਲ ਕਿਹਾ ਕਿ ਕਾਂਗਰਸ ਦੇ ਨੇਤਾ ਨੇ ਜਿਸ ਤਰ੍ਹਾਂ ਦੀ ਟਿੱਪਣੀ ਰਾਸ਼ਟਰਪਤੀ ਲਈ ਕੀਤੀ ਹੈ ਉਸ ਲਈ ਸੋਨੀਆ ਗਾਂਧੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦ੍ਰੋਪਦੀ ਮੁਰਮੂ ਦਾ ਨਾਂ ਰਾਸ਼ਟਰਪਤੀ ਦੇ ਉਮੀਦਵਾਰ ਦੇ ਰੂਪ ’ਚ ਐਲਾਨਿਆ ਗਿਆ ਉਦੋਂ ਤੋਂ ਹੀ ਉਹ ਕਾਂਗਰਸ ਪਾਰਟੀ ਦੀ ਨਫ਼ਰਤ ਅਤੇ ਮਜ਼ਾਕ ਦਾ ਸ਼ਿਕਾਰ ਬਣੀ ਹੈ। ਕਾਂਗਰਸ ਅੱਜ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਕਿ ਇਕ ਆਦਿਵਾਸੀ ਜਨਾਨੀ ਇਸ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ’ਤੇ ਕੰਮ ਕਰ ਰਹੀ ਹੈ। ਈਰਾਨੀ ਨੇ ਕਿਹਾ ਕਿ ਸੋਨੀਆ ਗਾਂਧੀ, ਤੁਸੀਂ ਦ੍ਰੋਪਦੀ ਮੁਰਮੂ ਦੇ ਅਪਮਾਨ ਦੀ ਮਨਜ਼ੂਰੀ ਦਿੱਤੀ। ਕੇਂਦਰੀ ਮੰਤਰੀ ਵਲੋਂ ਗਾਂਧੀ ਤੋਂ ਮੁਆਫ਼ੀ ਮੰਗਵਾਉਣ ਦੀ ਮੰਗ ’ਤੇ ਸੱਤਾਧਾਰੀ ਪਾਰਟੀ ਦੇ ਸਾਰੇ ਮੈਂਬਰ ਖੜ੍ਹੇ ਹੋ ਕੇ ਮੁਆਫ਼ੀ ਮੰਗਣ ਦੀ ਮੰਗ ਕਰਨ ਲੱਗੇ। ਸਦਨ ’ਚ ਹੰਗਾਮਾ ਵਧਣ ’ਤੇ ਲੋਕ ਸਭਾ ਸਪੀਕਰ ਵਲੋਂ ਕਾਰਵਾਈ 12 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਸੀ।