ਵਨ-ਡੇਅ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ ਭਾਰਤੀ ਟੀਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ ਜੋ ਛੇ ਸਾਲਾਂ ‘ਚ ਉਸ ਦੇਸ਼ ਦਾ ਭਾਰਤੀ ਟੀਮ ਦਾ ਪਹਿਲਾ ਦੌਰਾ ਹੋਵੇਗਾ। ਤਿੰਨ ਵਨ-ਡੇਅ ਮੈਚ 18, 20 ਤੇ 22 ਅਗਸਤ ਨੂੰ ਹਰਾਰੇ ‘ਚ ਖੇਡੇ ਜਾਣਗੇ। ਜੇਕਰ ਫ਼ਿੱਟ ਹੋਏ ਤਾਂ ਕੇ.ਐੱਲ.ਰਾਹੁਲ ਟੀਮ ਦੀ ਕਪਤਾਨੀ ਕਰ ਸਕਦੇ ਹਨ।
ਇਹ ਸੀਰੀਜ਼ ICC ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। 13 ਟੀਮਾਂ ਦਾ ਟੂਰਨਾਮੈਂਟ ਅਗਲੇ ਸਾਲ ਭਾਰਤ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫ਼ਿਕੇਸ਼ਨ ਦਾ ਮੁੱਖ ਜ਼ਰੀਆ ਹੈ। ਜ਼ਿੰਬਾਬਵੇ ਇਸ ਸਮੇਂ 13 ਟੀਮਾਂ ‘ਚ 12ਵੇਂ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਆਖਰੀ ਵਾਰ 2016 ‘ਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਨੇ ਤਿੰਨ T-20 ਅਤੇ ਤਿੰਨ ਵਨ-ਡੇਅ ਮੈਚ ਖੇਡੇ ਸਨ।
ਭਾਰਤ ਦੀ ਯੁਵਾ ਟੀਮ 1 ਅਗਸਤ ਤੋਂ ਵੈੱਸਟ ਇੰਡੀਜ਼ ਅਤੇ ਅਮਰੀਕਾ ‘ਚ ਤਿੰਨ ਵਨ-ਡੇਅ ਅਤੇ ਤਿੰਨ T-20 ਮੈਚ ਖੇਡੇਗੀ। ਭਾਰਤ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਟੀਮ 30 ਜੁਲਾਈ ਤੋਂ ਬੰਗਲਾਦੇਸ਼ ਖ਼ਿਲਾਫ਼ ਤਿੰਨ T-20 ਮੈਚ ਖੇਡੇਗੀ।