ਰਾਜਸਥਾਨ ’ਚ ਗੈਰ-ਕਾਨੂੰਨੀ ਮਾਈਨਿੰਗ ਦੀ ਹੋਵੇ ਸੀ. ਬੀ. ਆਈ. ਜਾਂਚ : ਭਾਜਪਾ

ਨਵੀਂ ਦਿੱਲੀ– ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਦੇ ਭਰਤਪੁਰ ਵਿੱਚ ਸ਼ੱਕੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸੂਬਾ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਹੈ । ਇਸ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਲਈ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਕਮੇਟੀ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਅਤੇ ਬੁੱਧਵਾਰ ਨੱਢਾ ਨੂੰ ਰਿਪੋਰਟ ਸੌਂਪ ਦਿੱਤੀ। ਕਮੇਟੀ ਵਿੱਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਅਰੁਣ ਸਿੰਘ, ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਸਰਸਵਤੀ, ਸੰਸਦ ਮੈਂਬਰ ਸੱਤਿਆ ਪਾਲ ਸਿੰਘ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਪੁਲਸ ਡਾਇਰੈਕਟਰ ਜਨਰਲ ਅਤੇ ਸੰਸਦ ਮੈਂਬਰ ਬ੍ਰਿਜਲਾਲ ਸ਼ਾਮਲ ਸਨ।
ਇੱਕ ਟਵੀਟ ਵਿੱਚ ਨੱਢਾ ਨੇ ਕਿਹਾ ਕਿ ਇਹ ਰਿਪੋਰਟ ਰਾਜਸਥਾਨ ਦੀ ਨਿਰਾਸ਼ਾਜਨਕ ਸਥਿਤੀ ਅਤੇ ਉੱਥੇ ਵਿਆਪਕ ਮਾਈਨਿੰਗ ਮਾਫੀਆ ਰਾਜ ਦਾ ਪਰਦਾਫਾਸ਼ ਕਰਦੀ ਹੈ। ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੁਣ ਸਿੰਘ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲੈ ਕੇ ਲੋਕਾਂ ‘ਚ ਭਾਰੀ ਰੋਸ ਹੈ । ਇਹ ਭਾਵਨਾ ਹੈ ਕਿ ਵਿਜੇ ਦਾਸ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਹਾਲ ਹੀ ’ਚ ਰਾਜਸਥਾਨ ਦੇ ਭਰਤਪੁਰ ’ਚ ਵਿਜੇ ਦਾਸ ਨਾਂ ਦੇ ਸਾਧੂ ਨੇ ਆਤਮਦਾਹ ਕਰ ਲਿਆ ਸੀ। ਉਹ ਭਰਤਪੁਰ ਦੇ ਡੀਂਗ ’ਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਅੰਦੋਲਨ ’ਚ ਸ਼ਾਮਲ ਸੀ।