ਪੋਰਟ ਔਫ਼ ਸਪੇਨ: ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਵਨ-ਡੇਅ ‘ਚ 2 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਭਾਰਤ ਨੇ 3 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਵਲੋਂ ਪ੍ਰਮੁੱਖ ਖਿਡਾਰੀ ਅਕਸ਼ਰ ਪਟੇਲ ਸਨ ਜਿਨ੍ਹਾਂ ਨੇ ਵਿੰਡੀਜ਼ ਦੇ ਖ਼ਿਲਾਫ਼ ਭਾਰਤ ਦਾ ਦੂਜਾ ਸਭ ਤੋਂ ਤੇਜ ਅਰਧ ਸੈਂਕੜਾ ਬਣਾਇਆ ਤੇ ਆਖਰੀ ਓਵਰ ‘ਚ ਜਦੋਂ 3 ਗੇਂਦਾਂ ‘ਤੇ ਜਿੱਤ ਲਈ 6 ਦੌੜਾਂ ਚਾਹੀਦੀਆਂ ਸਨ ਤਾਂ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਦੇ ਨਾਲ ਹੀ ਅਕਸ਼ਰ ਨੇ ਮਹਿੰਦਰ ਸਿੰਘ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਅਕਸ਼ਰ ਨੇ 35 ਗੇਂਦਾਂ ‘ਚ 64 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਧੋਨੀ ਦੇ ਵਨ-ਡੇਅ ਕ੍ਰਿਕਟ ‘ਚ ਲੰਬੇ ਸਮੇਂ ਤੋਂ ਚਲੇ ਆ ਰਹੇ ਰਿਕਾਰਡ ਨੂੰ ਤੋੜਿਆ ਹੈ। ਅਕਸ਼ਰ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਜੋ 5 ਛੱਕੇ ਲਾਏ, ਇਹ ਵਨ-ਡੇਅ ‘ਚ ਭਾਰਤ ਦੇ ਕਿਸੇ ਬੱਲੇਬਾਜ਼ ਵਲੋਂ 7 ਜਾਂ ਉਸ ਤੋਂ ਹੇਠਲੇ ਨੰਬਰ ‘ਚ ਬੱਲੇਬਾਜ਼ੀ ਕਰਨ ਦੇ ਦੌਰਾਨ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਜ਼ਿਆਦਾ ਹੈ। ਧੋਨੀ ਨੇ 2005 ‘ਚ ਜ਼ਿੰਬਾਬਵੇ ਦੇ ਖ਼ਿਲਾਫ਼ ਟੀਚੇ ਦਾ ਪਿੱਛਾ ਕਰਦੇ ਹਏ ਤਿੰਨ ਛੱਕੇ ਲਾਏ ਸਨ। ਯੂਸੁਫ਼ ਪਠਾਨ ਨੇ 2011 ‘ਚ ਦੱਖਣੀ ਅਫ਼ਰੀਕਾ ਤੇ ਆਇਰਲੈਂਡ ਦੇ ਖ਼ਿਲਾਫ਼ ਆਪਣੇ ਕੈਰੀਅਰ ‘ਚ ਦੋ ਵਾਰ ਧੋਨੀ ਦੀ ਬਰਾਬਰੀ ਕੀਤੀ ਸੀ।
ਅਕਸ਼ਰ ਨੇ ਮੈਚ ਦੇ ਬਾਅਦ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਖਾਸ ਹੈ। ਇਹ ਪ੍ਰਦਰਸ਼ਨ ਮਹੱਤਵਪੂਰਨ ਸਮੇਂ ਆਇਆ ਤੇ ਟੀਮ ਨੂੰ ਸੀਰੀਜ਼ ਜਿਤਾਉਣ ‘ਚ ਵੀ ਮਦਦ ਕੀਤੀ। ਅਸੀਂ ਆਈ.ਪੀ.ਐੱਲ.’ਚ ਵੀ ਅਜਿਹਾ ਹੀ ਕੀਤਾ ਹੈ। ਸਾਨੂੰ ਬਸ ਸ਼ਾਂਤ ਰਹਿਣ ਤੇ ਤੇਜ਼ੀ ਬਣਾਏ ਰੱਖਣ ਦੀ ਲੋੜ ਸੀ। ਮੈਂ ਕਰੀਬ ਪੰਜ ਸਾਲ ਬਾਅਦ ਵਨ-ਡੇਅ ਖੇਡ ਰਿਹਾ ਸੀ। ਮੈਂ ਆਪਣੀ ਟੀਮ ਲਈ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਾ ਚਾਹਾਂਗਾ।