ਕੋਹਲੀ -20 ਟੀਮ ‘ਚ ਸ਼ਾਮਲ ਹੋ ਕੇ ਗੇਮ ਚੇਂਜਰ ਸਾਬਤ ਹੋ ਸਕਦੇ ਹਨ: ਸਾਬਕਾ ਵਿਕਟ ਕੀਪਰ-ਬੱਲੇਬਾਜ਼

ਮੁੰਬਈ: ਭਾਰਤ ਦੇ ਸਾਬਕਾ ਵਿਕਟ ਕੀਪਰ-ਬੱਲੇਬਾਜ਼ ਸਈਅਦ ਕਿਰਮਾਨੀ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਆਸਟਰੇਲੀਆ ‘ਚ ਆਗਾਮੀ 2022 ਟੀ-20 ਵਿਸ਼ਵ ਕੱਪ ਲਈ ਯਕੀਨੀ ਤੌਰ ‘ਤੇ ਟੀਮ ‘ਚ ਹੋਣਾ ਚਾਹੀਦਾ ਹੈ। ਕਿਰਮਾਨੀ ਨੇ ਇਹ ਵੀ ਕਿਹਾ ਕਿ ਕੋਹਲੀ ਟੂਰਨਾਮੈਂਟ ‘ਚ ਗੇਮ ਚੇਂਜਰ ਹੋ ਸਕਦੇ ਹਨ। ਸੱਜੇ ਹੱਥ ਦਾ ਬੱਲੇਬਾਜ਼ ਹਾਲ ਹੀ ‘ਚ ਚੰਗੀ ਫ਼ਾਰਮ ‘ਚ ਨਹੀਂ ਹੈ ਤੇ ਇੰਗਲੈਂਡ ਖਿਲਾਫ਼ ਟੀ-20 ਸੀਰੀਜ਼ ‘ਚ 12 ਦੌੜਾਂ ਹੀ ਬਣਾ ਸਕਿਆ ਹੈ। 33 ਸਾਲਾ ਖਿਡਾਰੀ ਨੂੰ ਪਹਿਲੇ ਟੀ20 ਲਈ ਆਰਾਮ ਦਿੱਤਾ ਗਿਆ ਸੀ ਪਰ ਦੂਜੇ ਤੇ ਤੀਜੇ ਮੈਚ ਕ੍ਰਮਵਾਰ ਇੱਕ ਤੇ 11 ਦੌੜਾਂ ਬਣਾਈਆਂ।
ਕਿਰਮਾਨੀ ਨੇ ਕਿਹਾ, ਵਿਰਾਟ ਕੋਹਲੀ ਕਾਫ਼ੀ ਤਜਰਬੇਕਾਰ ਹਨ। ਉਨ੍ਹਾਂ ਨੂੰ ਟੀ-20 ਵਰਲਡ ਕੱਪ ਟੀਮ ‘ਚ ਹੋਣਾ ਚਾਹੀਦਾ ਹੈ। ਇੱਕ ਵਾਰ ਜਦੋਂ ਕੋਹਲੀ ਫ਼ਾਰਮ ‘ਚ ਪਰਤਨਗੇ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕੇਗਾ। ਉਹ ਗੇਮ ਚੇਂਜਰ ਹੋ ਸਕਦਾ ਹੈ। ਕੋਹਲੀ ਤਜਰਬੇ ਤੇ ਸਮਰਥਾਵਾਂ ਵਾਲਾ ਖਿਡਾਰੀ ਹੋਣ ਕਾਰਨ ਵਿਸ਼ਵ ਕੱਪ ਟੀਮ ‘ਚ ਸ਼ਾਮਲ ਹੋਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ‘ਚ ਸਖਤ ਮੁਕਾਬਲਾ ਹੈ। ਦੇਖੋ ਜੇਕਰ ਕੋਈ ਹੋਰ ਕੋਹਲੀ ਦੀ ਤਰ੍ਹਾਂ ਖ਼ਰਾਬ ਦੌਰ ਤੋਂ ਗੁਜ਼ਰ ਰਿਹਾ ਹੁੰਦਾ ਤਾਂ ਉਸ ਨੂੰ ਅਜੇ ਤਕ ਟੀਮ ‘ਚੋਂ ਬਾਹਰ ਕਰ ਦਿੱਤਾ ਜਾਂਦਾ। ਪਰ ਮੈਨੂੰ ਲਗਦਾ ਹੈ ਕਿ ਇੱਕ ਸਥਾਪਤ ਖਿਡਾਰੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਟੀ-20 ਇੰਟਰਨੈਸ਼ਨਲ ਕ੍ਰਿਕਟ ‘ਚ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 99 ਮੈਚ ਖੇਡੇ ਹਨ ਤੇ 50 ਤੋਂ ਉਪਰ ਦੇ ਔਸਤ ਨਾਲ 3308 ਦੌੜਾਂ ਬਣਾਈਆਂ ਹਨ। ਕੋਹਲੀ 20 ਓਵਰਾਂ ਦੇ ਫ਼ਾਰਮੈਟ ‘ਚ 137 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹਨ ਤੇ 30 ਅਰਧ ਸੈਂਕੜੇ ਵੀ ਲਗਾ ਚੁੱਕੇ ਹਨ, ਜਿਸ ‘ਚ 94 ਉਸ ਦਾ ਸਰਵਉੱਚ ਸਕੋਰ ਹੈ।