ਪੰਜਾਬ ‘ਚ ਹੋ ਸਕਦੇ ਨੇ ਡਰੋਨ ਹਮਲੇ, ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਕਈ VIPs

ਲੁਧਿਆਣਾ : ਪਿਛਲੇ ਦਿਨੀਂ ਹੋਈਆਂ ਅੱਤਵਾਦੀ ਗਤੀਵਿਧੀਆਂ ਅਤੇ ਡਰੋਨ ਹਮਲਿਆਂ ਤੋਂ ਬਾਅਦ ਅਲਰਟ ਹੋਈਆਂ ਦੇਸ਼ ਦੀਆਂ ਪ੍ਰਮੁੱਖ ਸੁਰੱਖਿਆ ਏਜੰਸੀਆਂ ਦੀ ਅੱਤਵਾਦੀ ਸੰਗਠਨਾਂ ‘ਤੇ ਪੈਨੀ ਨਜ਼ਰ ਹੈ। ਦੇਸ਼ ਦੀਆਂ ਖ਼ੁਫ਼ੀਆਂ ਏਜੰਸੀਆਂ ਨੇ ਆਉਣ ਵਾਲੇ ਆਜ਼ਾਦੀ ਦਿਹਾੜੇ ਅਤੇ ਹੋਰ ਮਹੱਤਵਪੂਰਨ ਦਿਨਾਂ ਦੇ ਮੱਦੇਨਜ਼ਰ ਵੀ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ ਤਾਂ ਜੋ ਇਹ ਸੰਗਠਨ ਆਪਣੇ ਮਨਸੂਬਿਆਂ ‘ਚ ਕਾਮਯਾਬ ਨਾ ਹੋ ਸਕਣ। ਖ਼ਾਸ ਤੌਰ ‘ਤੇ ਸਿਆਸੀ ਰੈਲੀਆਂ, ਸਮਾਰੋਹਾਂ ਅਤੇ ਭਾਰੀ ਭੀੜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਸਖ਼ਤ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਏਜੰਸੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਵੱਲੋਂ ਡਰੋਨ ਹਮਲੇ ਕੀਤੇ ਜਾ ਸਕਦੇ ਹਨ ਅਤੇ ਕੁੱਝ ਵੀ. ਆਈ. ਪੀਜ਼. ਇਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖ਼ੁਫ਼ੀਆ ਏਜੰਸੀਆਂ ਨੂੰ ਇਨਪੁੱਟ ਮਿਲੇ ਹਨ ਕਿ ਆਉਣ ਵਾਲੇ ਦਿਨਾਂ ‘ਚ ਯੂ. ਕੇ. ਸਥਿਤ ਇਕ ਅੱਤਵਾਦੀ ਸੰਗਠਨ ਵੱਲੋਂ ਕੋਈ ਨਾ ਕੋਈ ਵੱਡੀ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਸਾਬਕਾ ਆਲਾ ਪੁਲਸ ਅਧਿਕਾਰੀ, ਸਿਆਸੀ ਲੋਕ ਅਤੇ ਹਿੰਦੂ ਸੰਗਠਨਾਂ ਦੇ ਆਗੂ ਸ਼ਾਮਲ ਹਨ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਪ੍ਰਮੁੱਖ ਧਾਰਿਮਕ ਥਾਵਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਪੁਲਸ ਸੂਤਰਾਂ ਮੁਤਾਬਕ ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁੱਟ ਨੂੰ ਦੇਖਦੇ ਹੋਏ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਵੱਲੋ ਵੀ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪੁਲਸ ਮੁਖੀਆਂ ਨੂੰ ਵਿਸ਼ੇਸ਼ ਥਾਵਾਂ ‘ਤੇ ਪੁਲਸ ਗਸ਼ਤ ਵਧਾਉਣ ਦੇ ਨਾਲ ਨਾਕਾਬੰਦੀ ਕਰਕੇ ਚੈਕਿੰਗ ਕਰਨ, ਸਰਚ ਮੁਹਿੰਮ ਚਲਾਉਣ ਅਤੇ ਸਰਹੱਦਾਂ ‘ਤੇ ਵਿਸ਼ੇਸ਼ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।