ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦੇ ਐਨਕਾਊਂਟਰ ਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਨੂੰ ਵੀ ਮੌਤ ਦਾ ਡਰ ਸਤਾਉਣ ਲੱਗਾ ਹੈ। ਦੋਵਾਂ ਗੈਂਗਸਟਰਾਂ ਨੇ ਆਪੋ ਆਪਣੇ ਫੇਸਬੁੱਕ ਖਾਤਿਆਂ ’ਤੇ ਪੋਸਟ ਪਾਕੇ ਸਫਾਈ ਦਿੰਦਿਆਂ ਆਪਣੇ ਆਪ ਨੂੰ ਨਸ਼ਾ ਤਸਕਰਾਂ ਤੋਂ ਵੱਖ ਕੀਤਾ ਹੈ।
ਗੈਂਗਸਟਰ ਤੂਫਾਨ ਅਤੇ ਮਨੀ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਲਿਖਿਆ ਹੈ ਮੀਡੀਆ ਜਨਤਾ ਦੀ ਤੀਸਰੀ ਅੱਖ ਅਤੇ ਤੀਸਰਾ ਕੰਨ ਹੁੰਦਾ ਹੈ, ਜੋ ਵੀ ਮੀਡੀਆ ਸਾਡੇ ਬਾਰੇ ਖਬਰਾਂ ਚਲਾ ਰਿਹਾ ਹੈ, ਇਹ ਬਿਲਕੁਲ ਝੂਠ ਹਨ, ਮੈਂ ਤਾ ਅੱਜ ਤੱਕ ਕਦੇ ਕਿਸੇ ਦੀ ਜੂਠ ਨਹੀਂ ਖਾਧੀ ਅਤੇ ਨਛਾ ਵੇਚਣਾ ਅਤੇ ਕਰਨਾ ਬਹੁਤ ਦੂਰ ਦੀ ਗੱਲ ਹੈ। 4 ਪੈਸਿਆਂ ਕਰਕੇ ਮੈਂ ਕਿਸੇ ਮਾਂ ਦਾ ਪੁੱਤ ਨਸ਼ੇ ’ਤੇ ਨਹੀਂ ਲਾ ਸਕਦਾ। ਮੀਡੀਆ ਗਲਤ ਖ਼ਬਰਾਂ ਨਾ ਚਲਾਏ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਏ।
ਇਥੇ ਇਹ ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਮਨਦੀਪ ਤੂਫਾਨ ਤੇ ਮਨੀ ਰਈਆ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸਮ-ਖਾਸ ਹਨ ਅਤੇ ਇਨ੍ਹਾਂ ਦੋਵਾਂ ਦਾ ਨਾਂ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਕਾਹਲੋਂ ਦੇ ਘਰ ਵੀ ਇਹ ਦੋਵੇਂ ਰੁਕੇ ਸਨ। ਇਥੋਂ ਹੀ ਮੁਲਜ਼ਮਾਂ ਨੇ ਸੰਦੀਪ ਨੇ ਅੰਮ੍ਰਿਤਸਰ ਦੇ ਘੋੜਿਆਂ ਦੇ ਵਪਾਰੀ ਸਤਬੀਰ ਦੀ ਫਾਰਚੂਨਰ ਵਿਚ ਹਥਿਆਰ ਦੇ ਕੇ ਬਠਿੰਡਾ ਮੂਸੇਵਾਲਾ ਦੇ ਕਤਲ ਲਈ ਭੇਜਿਆ ਗਿਆ ਸੀ। ਫਿਲਹਾਲ ਪੁਲਸ ਵਲੋਂ ਦੋਵਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੁਲਸ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।