ਰਾਜਨਾਥ ਸਿੰਘ ਦੀ ਦੋ ਟੁੱਕ- ਗੁਲਾਮ ਕਸ਼ਮੀਰ ਨੂੰ ਵਾਪਸ ਲੈਣ ਲਈ ਪੂਰਾ ਦੇਸ਼ ਇਕਜੁੱਟ

ਜੰਮੂ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਤੋਂ ਪਾਕਿਸਤਾਨ ਨੂੰ ਦੋ ਟੁੱਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਗੁਲਾਮ ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ। ਪੂਰਾ ਦੇਸ਼ ਇਸ ਸਮੇਂ ਇਕਜੁੱਟ ਹੈ, ਸੰਸਦ ’ਚ ਮਤਾ ਪਾਸ ਹੋ ਚੁੱਕਾ ਹੈ ਪਰ ਅੱਜ ਵੀ ਉਸ ’ਤੇ ਪਾਕਿਸਤਾਨ ਦਾ ਗੈਰ-ਕਾਨੂੰਨੀ ਕਬਜ਼ਾ ਹੈ। ਭਗਵਾਨ ਸ਼ਿਵ ਦੇ ਰੂਪ ’ਚ ਸ਼੍ਰੀ ਅਮਰਨਾਥ ਸਾਡੇ ਕੋਲ ਹੈ ਅਤੇ ਮਾਂ ਸ਼ਾਰਦਾ ਪੀਠ ਅੱਜ ਵੀ ਕੰਟਰੋਲ ਰੇਖਾ ਦੇ ਉਸ ਪਾਰ ਹੈ, ਅਜਿਹਾ ਕਿਉਂ ਹੈ? ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅੱਜ ਨਹੀਂ ਤਾਂ ਕੱਲ ਇਹ ਮੰਨਤ ਪੂਰੀ ਹੋਵੇਗੀ। ਦੱਸਣਯੋਗ ਹੈ ਕਿ ਕੰਟਰੋਲ ਰੇਖਾ ਦੇ ਉਸ ਪਾਰ ਸਥਿਤ ਸ਼ਾਰਦਾ ਪੀਠ 18 ਮਹਾਸ਼ਕਤੀਪੀਠਾਂ ’ਚੋਂ ਇਕ ਹੈ, ਜੋ 5 ਹਜ਼ਾਰ ਸਾਲਾਂ ਤੋਂ ਕਸ਼ਮੀਰੀ ਹਿੰਦੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ। ਹੁਣ ਮੰਦਰ ਖੰਡਿਤ ਹੋ ਚੁੱਕਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਐਤਵਾਰ ਨੂੰ ਆਜ਼ਾਦੀ ਦੇ 75 ਸਾਲ ਅਤੇ ਕਾਰਗਿਲ ਵਿਜੇ ਦਿਵਸ ਮੌਕੇ ਜੰਮੂ-ਕਸ਼ਮੀਰ ਪੀਪਲਜ਼ ਫੋਰਮ ਵੱਲੋਂ ਗੁਲਸ਼ਨ ਗਰਾਊਂਡ, ਗਾਂਧੀਨਗਰ, ਜੰਮੂ ਵਿਖੇ ਆਯੋਜਿਤ ਇਕ ਸਮਾਗਮ ਵਿਚ ਆਖੀ। ਉਨ੍ਹਾਂ ਕਿਹਾ ਕਿ ਹੁਣ ਭਾਰਤ ਦੁਨੀਆ ਦਾ ਤਾਕਤਵਰ ਦੇਸ਼ ਹੈ। ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵਿਦੇਸ਼ੀ ਤਾਕਤਾਂ ਨੂੰ ਸਖ਼ਤ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੂੰ ਹੁਣ ਵਿਸ਼ਵ ਵਿਚ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਜੇ. ਕੇ. ਪੀ. ਐੱਫ. ਦੀ ਕਾਰਗਿਲ ਵਿਜੇ ਦਿਵਸ ਦੀ 23ਵੀਂ ਵਰ੍ਹੇਗੰਢ ਮਨਾਉਣ ਲਈ ਸ਼ਲਾਘਾ ਕੀਤੀ।
ਰੱਖਿਆ ਮੰਤਰੀ ਨੇ ਕਿਹਾ ਕਿ ਕਈ ਮੁੱਦਿਆਂ ’ਚ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਵੀ ਗਿੱਦ ਵਰਗੀ ਨਜ਼ਰ ਰੱਖਣ ਵਾਲੇ ਪਾਕਿਸਤਾਨ ਨੂੰ ਸਾਡੀ ਤਾਕਤ ਦਾ ਅੰਦਾਜ਼ਾ ਹੈ। ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਰਿਹਾਅ ਕਰ ਕੇ ਇਸ ਦਾ ਸਬੂਤ ਦਿੱਤਾ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਬਿਆਨ ਸੀ ਕਿ ਜੇਕਰ ਪਾਕਿਸਤਾਨ ਨੇ ਰਾਤ 9 ਵਜੇ ਤੋਂ ਪਹਿਲਾਂ ਅਭਿਨੰਦਨ ਨੂੰ ਰਿਹਾਅ ਨਾ ਕੀਤਾ ਤਾਂ ਭਾਰਤ ਪਾਕਿਸਤਾਨ ’ਤੇ ਹਮਲਾ ਕਰ ਦੇਵੇਗਾ।
ਰੱਖਿਆ ਮੰਤਰੀ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸਾਰੇ ਬਹਾਦਰ ਵੀਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਲੋਕਾਂ ਦੀ ਕੌਮੀ ਜ਼ਿੰਮੇਵਾਰੀ ਹੈ। ਮੇਜਰ ਸੋਮਨਾਥ, ਬ੍ਰਿਗੇਡੀਅਰ ਮੁਹੰਮਦ ਉਸਮਾਨ, ਮੇਜਰ ਸ਼ੈਤਾਨ ਸਿੰਘ ਅਤੇ ਮੇਜਰ ਬਿਕਰਮ ਬੱਤਰਾ ਦੀ ਬਹਾਦਰੀ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਿਆਂ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਸਰੂਪ ਨੂੰ ਕਾਇਮ ਰੱਖਣ ਵਿਚ ਫੌਜ ਦੇ ਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ।