ਮਹਾਰਾਸ਼ਟਰ ’ਚ ਇਕ ਛੋਟਾ ਟ੍ਰੇਨਿੰਗ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਮਹਿਲਾ ਪਾਇਲਟ ਜ਼ਖ਼ਮੀ

ਮੁੰਬਈ– ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਸੋਮਵਾਰ ਯਾਨੀ ਕਿ ਅੱਜ ਇਕ ਸੀਟ ਵਾਲਾ ਛੋਟਾ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਟ੍ਰੇਨਿੰਗ ਜਹਾਜ਼ ’ਚ ਸਵਾਰ ਮਹਿਲਾ ਪਾਇਲਟ ਜ਼ਖ਼ਮੀ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ ਸਾਢੇ 11 ਵਜੇ ਇੰਦਾਪੁਰ ਤਹਿਸੀਲ ਦੇ ਕਦਬਨਵਾੜੀ ’ਚ ਵਾਪਰਿਆ। ਇਕ ਪ੍ਰਾਈਵੇਟ ਹਵਾਬਾਜ਼ੀ ਸਕੂਲ ਦੇ ਇਸ ਜਹਾਜ਼ ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਪਾਇਲਟ ਭਾਵਨਾ ਰਾਠੌੜ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਨੁਕਸਾਨਿਆ ਗਿਆ ਹੈ।