ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!

ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਦੇਸ਼ਾਂ-ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ। ਬੇਸ਼ੱਕ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਪਰ ਉਸ ਦੀ ਸਮਾਧ ’ਤੇ ਜਾ ਕੇ ਮੱਥਾ ਟੇਕਣ ਵਾਲਿਆਂ ਅਤੇ ਗਾਇਕੀ ਨੂੰ ਪਸੰਦ ਕਰਨ ਵਾਲਿਆਂ ਦੀ ਭੀੜ ਅੱਜ ਵੀ ਪਿੰਡ ਵਿਚ ਜੁੜੀ ਰਹਿੰਦੀ ਹੈ। ਪੰਜਾਬੀ ਜੁਬਾਨ ਨੂੰ ਪ੍ਰਫੁੱਲਿਤ ਕਰਨ ਲਈ ਸਿੱਧੂ ਮੂਸੇਵਾਲਾ ਨੂੰ ਮਰਨ ਉਪਰੰਤ ਪਾਕਿਸਤਾਨ ਸਰਕਾਰ ਵੱਲੋਂ ‘ਵਾਰਿਸ ਸ਼ਾਹ’ ਇੰਟਰਨੈਸ਼ਨਲ ਐਵਾਰਡ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਭਾਵੇਂ ਅਜੇ ਕਿਸੇ ਪਰਿਵਾਰਕ ਮੈਂਬਰ ਨੇ ਪੁਸ਼ਟੀ ਨਹੀਂ ਕੀਤੀ ਪਰ ਇਹ ਖ਼ਬਰ ਸੋਸ਼ਲ ਮੀਡੀਆ ਉਪਰ ਛਾਈ ਹੋਈ ਹੈ। ਹਾਲੇ ਤਕ ਇਸ ਦੀ ਕੋਈ ਤਰੀਖ਼ ਐਲਾਨ ਨਹੀਂ ਕੀਤੀ ਗਈ ਹੈ। ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਇਹ ਐਵਾਰਡ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਵੀ ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਪ੍ਰਸ਼ੰਸਕ ਲੱਖਾਂ ਦੀ ਗਿਣਤੀ ਵਿਚ ਹਨ।