ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਝੂਠੇ ਮਾਮਲੇ ‘ਚ ਫਸਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੁਝ ਦਿਨਾਂ ‘ਚ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ। ਕੇਜਰੀਵਾਲ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਉਹ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਇਕ ‘ਬੇਹੱਦ ਈਮਾਨਦਾਰ’ ਵਿਅਕਤੀ ਹਨ। ਦੱਸਣਯੋਗ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੀ ਆਬਕਾਰੀ ਨੀਤੀ 2021-22 ‘ਚ ਨਿਯਮਾਂ ਦੇ ਉਲੰਘਣ ਅਤੇ ਕਮੀਆਂ ਨੂੰ ਲੈ ਕੇ ਇਸ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਸਿਫ਼ਾਰਿਸ਼ ਕੀਤੀ ਹੈ। ਸਿਸੋਦੀਆ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਦੇ ਮੁਖੀ ਹਨ।
ਕੇਜਰੀਵਾਲ ਨੇ ਕਿਹਾ,”ਮੈਨੂੰ ਪਤਾ ਲੱਗਾ ਹੈ ਕਿ ਸਿਸੋਦੀਆ ਖ਼ਿਲਾਫ ਮਾਮਲੇ ਨੂੰ ਸੀ.ਬੀ.ਆਈ. ਕੋਲ ਭੇਜਿਆ ਗਿਆ ਹੈ ਅਤੇ ਉਹ ਉਨ੍ਹਾਂ ਨੂੰ ਕੁਝ ਦਿਨਾਂ ‘ਚ ਗ੍ਰਿਫ਼ਤਾਰ ਕਰਨ ਵਾਲੇ ਹਨ। ਇਸ ‘ਚ ਬਿਲਕੁੱਲ ਵੀ ਸੱਚਾਈ ਨਹੀਂ ਹੈ।” ਉਨ੍ਹਾਂ ਕਿਹਾ,”ਅਦਾਲਤ ਦੇ ਸਾਹਮਣੇ ਇਹ ਮਾਮਲਾ ਟਿਕ ਨਹੀਂ ਸਕੇਗਾ। ਮਨੀਸ਼ ਬੇਹੱਦ ਈਮਾਨਦਾਰ ਵਿਅਕਤੀ ਹਨ ਅਤੇ ਉਹ ਪਾਕਿ ਸਾਫ਼ ਸਾਬਿਤ ਹੋਣਗੇ।” ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਜੇਲ੍ਹ ਜਾਣ ਤੋਂ ਨਹੀਂ ਡਰਦੇ, ਕਿਉਂਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਖੇਤਰ ਦਿੱਲੀ ਸਰਕਾਰ (ਜੀ.ਐੱਨ.ਸੀ.ਟੀ.ਡੀ.) ਐਕਟ 1991, ਵਪਾਰਕ ਲੈਣ-ਦੇਣ ਦੇ ਨਿਯਮ-1993, ਦਿੱਲੀ ਆਬਕਾਰੀ ਐਕਟ 2009 ਅਤੇ ਦਿੱਲੀ ਆਬਕਾਰੀ ਨਿਯਮ 2010 ਦੇ ਉਲੰਘਣਾ ਦਾ ਪਤਾ ਲੱਗਦਾ ਹੈ। ਸੂਤਰਾਂ ਨੇ ਦੱਸਿਆ ਕਿ ਉੱਪ ਰਾਜਪਾਲ ਨੂੰ ‘ਸੀਨੀਅਰ ਰਾਜਨੀਤਕ ਪੱਧਰ ‘ਤੇ ਵਿੱਤੀ ਰਿਆਇਤਾਂ’ ਦਿੱਤੇ ਜਾਣ ਦੇ ‘ਠੋਸ ਸੰਕੇਤ’ ਮਿਲੇ ਹਨ, ਜਿਨ੍ਹਾਂ ‘ਚ ਆਬਕਾਰੀ ਮੰਤਰੀ ਨੇ ‘ਕਾਨੂੰਨੀ ਪ੍ਰਬੰਧਾਂ ਦੀ ਉਲੰਘਣਾ ਕਰ ਪ੍ਰਮੁੱਖ ਫ਼ੈਸਲੇ ਲਏ, ਉਨ੍ਹਾਂ ਨੂੰ ਲਾਗੂ ਕੀਤਾ ਅਤੇ ਆਬਕਾਰੀ ਨੀਤੀ ਨੋਟੀਫਾਈ ਕੀਤੀ ਜਿਸ ਦੇ ਵਿਆਪਕ ਵਿੱਤੀ ਅਸਰ ਪਏ।