ਨਿਊਯਾਰਕ – ਅਮਰੀਕਾ ਵਿਚ ਭਾਰਤੀ ਮੂਲ ਦੇ 27 ਸਾਲਾ ਵਿਅਕਤੀ ‘ਤੇ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਨੂੰ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਮੁਹੱਈਆ ਕਰਵਾਉਣ ਦਾ ਝੂਠਾ ਵਾਅਦਾ ਕਰਕੇ 20 ਲੱਖ ਡਾਲਰ ਦੀ ਧੋਖਾਧੜੀ ਵਾਲੀ ਸਕੀਮ ਚਲਾਉਣ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਉਸਨੂੰ ਲਗਭਗ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਨਿਊਜਰਸੀ ਦੇ ਮਿੰਟਗੁਮਰੀ ਦੇ ਰਹਿਣ ਵਾਲੇ ਗੌਰਵਜੀਤ ‘ਰਾਜ’ ਸਿੰਘ ਨੇ ਇਸ ਤੋਂ ਪਹਿਲਾਂ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਪੀਟਰ ਸ਼ੈਰੀਡਨ ਕੋਲ ਆਪਣਾ ਦੋਸ਼ ਕਬੂਲ ਕੀਤਾ ਸੀ।
ਅਮਰੀਕੀ ਅਟਾਰਨੀ ਫਿਲਿਪ ਸੈਲਿੰਗਰ ਨੇ ਵੀਰਵਾਰ ਨੂੰ ਕਿਹਾ ਕਿ ਸ਼ੇਰੀਡਨ ਨੇ ਬੁੱਧਵਾਰ ਨੂੰ ਟਰੇਨਟਨ ਦੀ ਸੰਘੀ ਅਦਾਲਤ ‘ਚ ਸਿੰਘ ਨੂੰ 46 ਮਹੀਨਿਆਂ ਦੀ ਸਜ਼ਾ ਸੁਣਾਈ। ਕੇਸ ਵਿੱਚ ਦਰਜ ਦਸਤਾਵੇਜ਼ਾਂ ਅਤੇ ਅਦਾਲਤ ਵਿੱਚ ਦਿੱਤੇ ਬਿਆਨਾਂ ਅਨੁਸਾਰ ਸਿੰਘ ਨੇ ਮਈ 2020 ਤੋਂ ਕੋਵਿਡ-19 ਮਹਾਮਾਰੀ ਦੌਰਾਨ ਇੱਕ ਸਕੀਮ ਰਾਹੀਂ 10 ਪੀੜਤਾਂ ਤੋਂ ਧੋਖੇ ਨਾਲ 2 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ। ਸਿੰਘ ਨੇ ਲੋਕਾਂ ਤੋਂ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਦਾ ਵਾਅਦਾ ਕਰਕੇ ਪੈਸੇ ਲਏ ਅਤੇ ਫਿਰ ਪੈਸੇ ਲੈਣ ਤੋਂ ਬਾਅਦ ਪੀੜਤਾਂ ਨੂੰ ਉਪਕਰਣ ਨਹੀਂ ਦਿੱਤੇ। ਸਿੰਘ ਨੇ ਲੋਕਾਂ ਤੋਂ ਮਿਲੇ ਪੈਸੇ ਦੀ ਵਰਤੋਂ ਪੀਪੀਈ ਕਿੱਟਾਂ ਅਤੇ ਹੋਰ ਮੈਡੀਕਲ ਸਪਲਾਈ ਲਈ ਨਿੱਜੀ ਖਰਚੇ ਲਈ ਕੀਤੀ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਜੱਜ ਸ਼ੈਰੀਡਨ ਨੇ ਸਿੰਘ ਨੂੰ ਰਿਹਾਈ ਤੋਂ ਬਾਅਦ ਤਿੰਨ ਸਾਲ ਤੱਕ ਨਿਗਰਾਨੀ ਹੇਠ ਰੱਖਣ ਦਾ ਵੀ ਹੁਕਮ ਦਿੱਤਾ।