ਯਾਦੋਂ ਕੋ ਸੁਲਾ ਦੂੰ ਕਿ ਲਮਹੋਂ ਕੋ ਪੁਕਾਰੂੰ
ਡਾ. ਦੇਵਿੰਦਰ ਮਹਿੰਦਰੂ
ਵਰ੍ਹਾ 1978 ਸੀ। ਦੋਵੇਂ ਜੌੜੀਆਂ ਬੇਟੀਆਂ ਹਨ ਪੇਟ ਵਿੱਚ। ਤਬੀਅਤ ਖ਼ਰਾਬ ਰਹਿੰਦੀ ਹੈ। ਤਿੰਨ ਮਹੀਨੇ ਦੀ ਛੁੱਟੀ ਮਿਲਣੀ ਹੈ, ਚਾਹੇ ਪਹਿਲਾਂ ਲੈ ਲਵੋ, ਚਾਹੇ ਬਾਅਦ ‘ਚ। ਬਾਅਦ ‘ਚ ਹੀ ਲੈਣਾ ਚਾਹੁੰਦੀ ਹਾਂ। ਦਫ਼ਤਰ ‘ਚ ਕੰਮ ਹੈ ਬਹੁਤ। ਲਾਇਬ੍ਰੇਰੀ ਦਾ ਕੰਮ ਹੈ। ਮੇਰੇ ਕੋਲ ਕਿਤਾਬਾਂ ਵਾਲੀ ਲਾਇਬ੍ਰੇਰੀ ਦਾ ਵੀ ਚਾਰਜ ਹੈ ਅਤੇ ਗਰਾਮੋਫ਼ੋਨ ਰਿਕਾਰਡਜ਼ ਲਾਇਬ੍ਰੇਰੀ ਦਾ ਵੀ। ਸਟੇਸ਼ਨ ਡਾਇਰੈਕਟਰ ਹਨ ਡਾ.ਕੈਸਰ ਕਲੰਦਰ, ਕਵੀ ਅਤੇ ਲੇਖਕ। ਰੋਜ਼ ਹੀ ਕੋਈ ਨਾ ਕੋਈ ਕਿਤਾਬ ਚਾਹੀਦੀ ਹੁੰਦੀ ਹੈ ਉਨ੍ਹਾਂ ਨੂੰ। ਲਿਸਟ ਬਣਾ ਕੇ ਫ਼ੜਾ ਦਿੰਦੇ ਹਨ ਰੋਜ਼ ਦੀ ਰੋਜ਼। ਜ਼ਰੂਰ ਕਿਸੇ ਕਿਤਾਬ ਉਤੇ ਕੰਮ ਕਰ ਰਹੇ ਹੋਣਗੇ। ਇੱਕ ਦਿਨ ਉਨ੍ਹਾਂ ਤਿੰਨ ਚੱਕਰ ਲਗਵਾਏ ਮੇਰੇ। ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਜ਼ਾਹਿਰ ਸੀ ਕਿ ਮੈਨੂੰ ਪ੍ਰੇਸ਼ਾਨ ਕਰਨਾ ਚੰਗਾ ਨਹੀਂ ਲੱਗ ਰਿਹਾ ਉਨ੍ਹਾਂ ਨੂੰ। ਉਨ੍ਹਾਂ ਕੋਲ ਸਹਾਇਕ ਕੇਂਦਰ ਨਿਦੇਸ਼ਕ ਬੈਠ ਜਾਂਦੇ ਹਨ ਆ ਕੇ। ਕਿਤਾਬਾਂ ਫ਼ੜਾ ਕੇ ਆਉਣ ਲੱਗਦੀ ਹਾਂ ਤਾਂ ਉਹ ਕਹਿੰਦੇ ਹਨ ਕਿਤਾਬਾਂ ਤਾਂ ਕੁੱਝ ਮੈਨੂੰ ਵੀ ਚਾਹੀਦੀਆਂ ਹਨ। ਕੈਸਰ ਸਾਹਿਬ ਉਨ੍ਹਾਂ ਨੂੰ ਰੋਕਦੇ ਹੋਏ ਕਹਿੰਦੇ ਹਨ, ”ਨਹੀਂ ਭਾਟੀਆ, ਉਹ ਠੀਕ ਨਹੀਂ, ਮੈਂ ਵੀ ਤਿੰਨ ਚੱਕਰ ਲਗਵਾ ਦਿੱਤੇ ਨੇ ਅੱਜ ਉਹਦੇ। ਤੁਰਿਆ ਉਹ ਤੋਂ ਜਾ ਨਹੀਂ ਰਿਹਾ। ਕਿਸੇ ਹੋਰ ਦਿਨ ਲੈ ਲਈਂ ਤੂੰ ਕਿਤਾਬਾਂ।”
ਸੱਚੀਂ ਮੇਰੇ ਪੈਰਾਂ ‘ਤੇ ਸੋਜ਼ਿਸ਼ ਆਈ ਹੋਈ ਹੈ ਬੁਰੀ ਤਰ੍ਹਾਂ। ਅੱਠਵਾਂ ਮਹੀਨਾ ਲੱਗਿਆ ਹੋਇਐ। ਪਤੀ BK ਦੀ ਪੋਸਟਿੰਗ ਸ਼ੀਨਗਰ ਹੈ। ਮੈਂ ਪੈਦਲ ਦਫ਼ਤਰ ਆਉਂਦੀ ਹਾਂ ਮਾਡਲ ਟਾਊਨ ਤੋਂ। ਪਿਛਲੇ ਮਹੀਨੇ ਜਦ ਉਹ ਛੁੱਟੀ ਆਏ ਸਨ, ਮੇਰੇ ਕੁਲੀਗ ਸਾਗਰ ਨੇ ਉਹਨੂੰ ਕਿਹਾ ਸੀ, ”ਬਾਲ, ਦੇਵੀ ਤੋਂ ਤੁਰਿਆ ਨਹੀਂ ਜਾਂਦਾ, ਕਦੇ ਦਿਲ ਕਰਦਾ ਰਿਕਸ਼ਾ ਲਗਵਾ ਦੇਵਾਂ ਇਹਦੇ ਲਈ ਆਉਣ ਜਾਣ ਦਾ, ਫ਼ੇਰ ਡਰ ਜਾਨਾਂ ਗੁੱਸਾ ਕਰੂਗੀ, ਕਹੂਗੀ ਤੂੰ ਕੌਣ ਹੁੰਦਾ ਮੇਰੇ ਲਈ ਰਿਕਸ਼ਾ ਲਗਵਾਉਣ ਵਾਲਾ? ”
ਗੱਲ ਹਾਸੇ ‘ਚ ਆਈ-ਗਈ ਹੋ ਜਾਂਦੀ ਹੈ। ਖੈਰ!
ਬੱਚਿਆਂ ਦੇ ਜਨਮ ਤੋਂ ਬਾਦ ਜੁਆਇਨ ਕਰਦੀ ਹਾਂ ਇੱਕ ਦਿਨ ਚਪੜਾਸੀ ਸਾਈਨ ਕਰਾ ਕੇ ਇੱਕ ਕਾਗ਼ਜ਼ ਫ਼ੜਾ ਜਾਂਦਾ ਹੈ। ਐਡਵਰਸ ਰਿਮਾਰਕ ਕਨਵੇ ਕੀਤਾ ਗਿਆ ਹੈ ਮੇਰੀ ਕਾਂਫ਼ੀਡੈਂਸ਼ਲ ਰਿਪੋਰਟ ਦਾ।”ਨੌਟ ਦੈਟ ਇੰਟੈਲੀਜੈਂਟ! ”ਦੱਸੋ, IAS ਦਾ ਪੇਪਰ ਦਵਾਉਣਾ ਤੁਸੀਂ ਮੇਰੇ ਕੋਲੋਂ? ਪਿਛਲੇ ਸਾਲ ਮੈਨੂੰ ਆਊਟਸਟੈਂਡਿੰਗ ਰਿਪੋਰਟ ਦਿੱਤੀ ਗਈ ਸੀ। ਅਗਲੇ ਕਾਲਮ ‘ਤੇ ਨਜ਼ਰ ਪੈਂਦੀ ਹੈ, ਲਿਖਿਆ ਹੈ, ”ਆ ਵੈਰੀ ਗੁੱਡ ਸ਼ੌਰਟ ਸਟੋਰੀ ਰਾਈਟਰ।”ਲੌ ਜੀ ਦੱਸੋ, ਮੈਥੋਂ ਕਹਾਣੀਆਂ ਲਿਖਵਾਉਣੀਆਂ ਨੇ ਕਿ ਕਿਤਾਬਾਂ ਇਸ਼ੂ ਕਰਵਾਉਣੀਆਂ ਨੇ?
ਇੱਕ ਦਿਨ PA ਬੁਲਾ ਕੇ ਕਹਿੰਦੇ ਹਨ, ”ਬੇਟਾ ਤੈਨੂੰ ਪਤਾ ਤੇਰੇ ਇੰਚਾਰਜ ਨੂੰ ਬਹੁਤ ਝਿੜਕਾਂ ਪਈਆਂ ਅੱਜ ਕੈਸਰ ਸਰ ਤੋਂ? ” ”ਕਿਉਂ ਪਈਆਂ ਨੇ ਸਰ? ” ”ਉਹ ਕਹਿੰਦੇ ਨੇ ਕਿ ਇਹ ਕੀ ਟਰਮ ਹੈ, ਨੌਟ ਦੈਟ ਇੰਟੈਲੀਜੈਂਟ, ਵਾਪਿਸ ਲੌ ਐਡਵਰਸ ਰਿਮਾਰਕ ਅਤੇ ਅੱਛੀ ਰਿਪੋਰਟ ਦਿਓ, ਉਹਦੇ ਵਧੀਆ ਕੰਮ ਲਈ।”ਵਕਤ ਗੁਜ਼ਰਦਾ ਹੈ। ਪ੍ਰਮੋਸ਼ਨ ਹੁੰਦੀ ਹੈ। ਡਿਊਟੀ ਅਫ਼ਸਰ ਬਣਦੀ ਹਾਂ। ਭਾਵੇਂ ਉਹ ਮੇਰਾ ਕੰਮ ਨਹੀਂ, ਪਰ ਮੈਂ ਸ਼ੌਕੀਆ ਫ਼ੀਚਰ ਲਿਖਦੀ ਅਤੇ ਪਰੋਡਿਊਸ ਕਰਦੀ ਹਾਂ। ਕਿਉਂਕਿ ਲਾਇਬਰੇਰੀਅਨ ਕੋਈ ਨਹੀ, ਉੱਥੇ ਜਾ ਕੇ ਵੀ ਕੰਮ ਕਰਦੀ ਹਾਂ। ਸ਼ਿਫ਼ਟ ‘ਚ ਟਰਾਂਸਮਿਸ਼ਨ ਡਿਊਟੀ ਲੱਗਦੀ ਹੈ। ਸਵੇਰ ਦੀ ਡਿਊਟੀ ‘ਚ ਦਰਬਾਰ ਸਾਹਿਬ ਤੋਂ ਕੀਰਤਨ ਸੁਣ ਕੇ ਉਹਨੂੰ ਰਿਕਾਰਡ ਵੀ ਕਰਨਾ ਹੁੰਦਾ ਅਤੇ ਨਾਲ ਨਾਲ PhD ਦਾ ਥੀਸਿਸ ਵੀ ਲਿਖਦੀ ਹਾਂ। UPSC ‘ਚ ????ਗਰਾਮ ਐਗਜ਼ੈਕਟਿਵ ਦੀ ਪੋਸਟ ਲਈ ਐਪਲਾਈ ਕੀਤਾ ਹੋਇਆ ਅਤੇ PhD ਦਾ ਥੀਸਿਸ ਸਬਮਿਟ ਕਰਦੇ ਕਰਦੇ ਇੰਟਰਵਿਊ ਲਈ ਕਾਲ ਵੀ ਆ ਗਈ ਹੈ, UPSC ਤੋਂ। ਦੋਵੇਂ ਹੀ ਕਲੀਅਰ ਹੋ ਗਏ ਨੇ।
ਪੰਜਾਬੀ ਪ੍ਰੋਗਰਾਮ ਮਿਲੇ ਥੋੜ੍ਹੀ ਦੇਰ ਬਾਅਦ। ਬੜੇ ਸ਼ੌਕ ਨਾਲ ਪਹਿਲਾ ਲੇਆਊਟ ਬਣਾਇਆ। ਵੱਡੇ ਵੱਡੇ ਲੇਖਕ ਕਵੀ ਬੁੱਕ ਕੀਤੇ। ਅੱਛੇ ਅੱਛੇ ਵਾਰਤਾਕਾਰ ਬੁਲਵਾਉਣੇ ਪ੍ਰਪੋਜ਼ ਕੀਤੇ। ਇੰਚਾਰਜ ਕੋਲ ਅਪਰੂਵਲ ਲਈ ਰੈਜਿਸਟਰ ਭੇਜ ਦਿੱਤਾ। ਘੰਟੇ ਬਾਅਦ ਰੈਜਿਸਟਰ ਵਾਪਿਸ ਆ ਗਿਆ। ਖ਼ੁਸ਼ੀ ਖ਼ੁਸ਼ੀ ਖੋਲ੍ਹਿਆ। ਲਾਲ ਪੈਨ ਨਾਲ ਸਾਰੇ ਨਾਂ ਕੱਟੇ ਹੋਏ ਨੇ। ਮੈਂ ਰੈਜਿਸਟਰ ਚੁੱਕਿਆ, ਸਿੱਧਾ ਇੰਚਾਰਜ ਦੇ ਕਮਰੇ ‘ਚ ਜਾ ਧਮਕੀ, ”ਕੀ ਪ੍ਰੌਬਲਮ ਹੈ ਕਪੂਰ ਸਾਹਿਬ? ”
”ਤੁਸੀਂ ਅਜੇ ਨਵੇਂ ਹੋਂ, ਸਾਰੇ ਨਾਂ ਮੇਰੇ ਨਾਲ ਪਹਿਲਾਂ ਡਿਸਕੱਸ ਕਰੋ।”ਮੈਂ ਆਖਦੀ ਹਾਂ, ”ਕਿਓਂ? ਵੈਸੇ ਵੀ ਇਹ ਸਾਹਿਤ ਤਾਂ ਤੁਹਾਡਾ ਫ਼ੀਲਡ ਹੈ ਹੀ ਨਹੀਂ। ਹੁੰਦਾ ਤਾਂ ਸ਼ਾਇਦ ਕਰ ਲੈਂਦੀ ਡਿਸਕੱਸ। ਦੇਖੋ, ਮੈਂ ਕੌਂਟਰੈਕਟ ਟਾਈਪ ਕਰਵਾਉਣ ਲੱਗੀ ਆਂ, ਤੁਹਾਡੇ ਕੋਲ ਸਾਈਨ ਲਈ ਭੇਜੂੰਗੀ। ਤੁਸੀਂ ਸਾਈਨ ਨਹੀਂ ਕਰੋਗੇ ਤਾਂ ਮੈਂ ਡਾਇਰੈਕਟਰ ਸਾਹਿਬ ਤੋਂ ਸਾਈਨ ਕਰਵਾ ਲੂੰਗੀ, ਵੈਸੇ ਵੀ ਤੁਸੀਂ ਭੁੱਲ ਰਹੇ ਹੋਂ ਮੈਂ ਹੁਣ ਲਾਇਬਰੇਰੀਅਨ ਨਹੀਂ।”
ਦਫ਼ਤਰ ਤੋਂ ਜਾਣ ਵੇਲੇ ਸਾਰੇ ਕੌਂਟਰੈਕਟ ਮੈਂ ਕਪੂਰ ਸਾਹਿਬ ਦੀ ਮੇਜ਼ ‘ਤੇ ਰਖਵਾ ਦਿੱਤੇ। ਦੂਜੇ ਦਿਨ ਸਵੇਰੇ ਆਪਣੇ ਕਮਰੇ ‘ਚ ਗਈ। ਸਾਈਨ ਕੀਤੇ ਕੌਂਟਰੈਕਟ ਮੇਰੀ ਮੇਜ਼ ‘ਤੇ ਪਏ ਹੋਏ ਸਨ। ਬੜੇ ਅਨੋਖੇ ਜਿਹੇ ਦਿਨ ਸਨ, ਕਦੀ ਖਟਿਆਈਆਂ, ਕਦੇ ਮਿਠਾਈਆਂ। ਸਾਦਾ ਅਤੇ ਸੋਹਣਾ ਵੇਲਾ ਪਾਸ ਹੋ ਰਿਹਾ ਸੀ। ਕਿਤੇ ਖੱਟਾਸ ਪੈਦਾ ਹੁੰਦੀ ਵੀ ਤਾਂ ਪਲ ‘ਚ ਉਡ ਜਾਂਦੀ। ਯਾਦਾਂ ਦੀਆਂ ਪੋਟਲੀਆਂ ਇਸੇ ਲਈ ਬੰਨ੍ਹ ਰੱਖੀਆਂ ਨੇ। ਅਜ ਦੇ ਕਾਲਮ ਦਾ ਅੰਤ ਕਲੰਦਰ ਕੈਸਰ ਜੀ ਦੀ ਲਿਖੀ ਗ਼ਜ਼ਲ ਦੇ ਸ਼ੇਅਰਾਂ ਨਾਲ ਕਰਦੀ ਹਾਂ:
ਯਾਦੋਂ ਕੋ ਸੁਲਾ ਦੂੰ ਕਿ ਲਮਹੋਂ ਕੋ ਪੁਕਾਰੂੰ
ਇਸ ਰਾਤ ਕੇ ਸਹਿਰਾਵ ਮੇਂ ਅਕੇਲਾ ਹੀ ਖੜ੍ਹਾ ਹੂੰ
ਫੂਲੋਂ ਕੀ ਨਾ ਯੇਹ ਸੇਜ ਨਾ ਕਾਂਟੋਂ ਕਾ ਹੈ ਬਿਸਤਰ
ਕਿਸ ਨਾਮ ਸੇ ਮੈਂ ਉਮਰ-ਏ-ਗ਼ੁਰੇਜ਼ਾਂ ਕੋ ਸਦਾ ਦੂ