ਦਿੱਲੀ ’ਚ ਪੁਲਸ ਮੁਲਾਜ਼ਮ ਨੇ ਸਾਥੀਆਂ ’ਤੇ ਕੀਤੀ ਫਾਇਰਿੰਗ, 3 ਦੀ ਮੌਤ

ਨਵੀਂ ਦਿੱਲੀ- ਦਿੱਲੀ ਦੇ ਹੈਦਰਪੁਰ ਜਲ ਸਪਲਾਈ ਪਲਾਂਟ ’ਚ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ ਸੋਮਵਾਰ ਨੂੰ ਆਪਣੇ 3 ਸਾਥੀਆਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਮੁਲਜ਼ਮ ਪ੍ਰਬੀਨ ਰਾਏ (32) ਅਤੇ ਤਿੰਨੋਂ ਮ੍ਰਿਤਕ ਸਿੱਕਮ ਪੁਲਸ ਦੇ ਜਵਾਨ ਸਨ ਅਤੇ ਭਾਰਤੀ ਰਿਜ਼ਰਵ ਬਟਾਲੀਅਨ (ਆਈ. ਆਰ. ਬੀ.) ਦੇ ਹਿੱਸੇ ਦੇ ਤੌਰ ’ਤੇ ਪਲਾਂਟ ਦੀ ਸੁਰੱਖਿਆ ਲਈ ਤਾਇਨਾਤ ਸਨ। ਪ੍ਰਬੀਨ ਦਾ ਦੋਸ਼ ਹੈ ਕਿ ਉਨ੍ਹਾਂ ਨੇ ਉਸ ਦੀ ਪਤਨੀ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਬਾਅਦ ਦੁਪਹਿਰ ਲਗਭਗ 3 ਵਜੇ ਕੇ. ਐੱਨ. ਕੇ. ਮਾਰਗ ਪੁਲਸ ਥਾਣੇ ’ਚ ਗੋਲੀਬਾਰੀ ਸਬੰਧ ਇਕ ਕਾਲ ਆਈ। ਮੌਕੇ ’ਤੇ ਪਤਾ ਲੱਗਾ ਕਿ ਸਿੱਕਮ ਪੁਲਸ ਦੇ 3 ਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਨ੍ਹਾਂ ’ਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ। ਤੀਜਾ ਗੰਭੀਰ ਜ਼ਖਮੀ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤ ਐਲਾਨ ਦਿੱਤਾ। ਮੁਲਜ਼ਮ ਨੇ ਸਮਯਪੁਰ ਬਾਦਲੀ ਥਾਣੇ ’ਚ ਆਤਮਸਮਰਪਣ ਕਰ ਦਿੱਤਾ।