ਜ਼ਰੂਰੀ ਵਸਤੂਆਂ ‘ਤੇ GST ਨੂੰ ਲੈ ਕੇ ਰਾਹੁਲ ਗਾਂਧੀ ਦਾ ਤੰਜ-‘ਅਬਕੀ ਬਾਰ, ਵਸੂਲੀ ਸਰਕਾਰ’

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ‘ਤੇ ਕਈ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਦਾਇਰੇ ‘ਚ ਲਿਆਉਣ ਲਈ ‘ਵਸੂਲੀ ਸਰਕਾਰ’ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ.ਐੱਸ.ਟੀ. ਮਹਿੰਗਾਈ ਦੇ ਮੁੱਦੇ ‘ਤੇ ਜਨਤਾ ਦੇ ਸਾਹਮਣੇ ਜਵਾਬ ਦੇਣਾ ਪਵੇਗਾ। ਉਨ੍ਹਾਂ ਨੇ ਇਕ ਫੇਸਬੁੱਕ ਪੋਸਟ ‘ਚ ਕਿਹਾ,”ਅਬ ਕੀ ਬਾਰ, ‘ਵਸੂਲੀ’ ਸਰਕਾਰ? ਹੁਣ ਤੋਂ ਦੁੱਧ, ਦਹੀਂ, ਮੱਖਣ, ਚੌਲ, ਦਾਲਾਂ, ਬਰੈੱਡ ਵਰਗੇ ਪੈਕ ਕੀਤੇ ਉਤਪਾਦਾਂ ‘ਤੇ ਜਨਤਾ ਤੋਂ 5 ਫੀਸਦੀ ਜੀ.ਐੱਸ.ਟੀ. ਵਸੂਲਿਆ ਜਾਵੇਗਾ।” ਰਾਹੁਲ ਨੇ ਕਿਹਾ,”ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਗੈਸ ਸਿਲੰਡਰ 1053 ਰੁਪਏ ਦਾ ਹੋ ਗਿਆ ਪਰ ਸਰਕਾਰ ਕਹਿੰਦੀ ਹੈ ‘ਸਭ ਚੰਗਾ ਸੀ’। ਭਾਵ, ਇਹ ਮਹਿੰਗਾਈ ਲੋਕਾਂ ਦੀ ਸਮੱਸਿਆ ਹੈ, ਸਰਕਾਰ ਦੀ ਨਹੀਂ।”
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ,”ਜਦੋਂ ਮੋਦੀ ਵਿਰੋਧੀ ਧਿਰ ‘ਚ ਸਨ, ਉਦੋਂ ਉਨ੍ਹਾਂ ਨੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਸੀ ਪਰ ਅੱਜ ਉਨ੍ਹਾਂ ਨੇ ਜਨਤਾ ਨੂੰ ਸਮੱਸਿਆਵਾਂ ਦੇ ਡੂੰਘੇ ਦਲਦਲ ‘ਚ ਧੱਕ ਦਿੱਤਾ ਹੈ, ਜਿਸ ‘ਚ ਲੋਕ ਰੋਜ਼ ਧਸਦੇ ਜਾ ਰਹੇ ਹਨ।” ਉਨ੍ਹਂ ਦੀ ਇਸ ਬੇਬੱਸੀ ‘ਤੇ ਪ੍ਰਧਾਨ ਮੰਤਰੀ ਮੌਨ ਹੈ, ਖੁਸ਼ ਹੈ ਅਤੇ ਝੂਠ ‘ਤੇ ਝੂਠ ਬੋਲ ਰਹੇ ਹਨ।” ਕਾਂਗਰਸ ਨੇਤਾ ਨੇ ਕਿਹਾ,”ਸਰਕਾਰ ਵਲੋਂ ਤੁਹਾਡੇ ‘ਤੇ ਕੀਤੇ ਜਾ ਰਹੇ ਹਰ ਅੱਤਿਆਚਾਰ ਖ਼ਿਲਾਫ਼ ਮੈਂ ਅਤੇ ਪੂਰੀ ਕਾਂਗਰਸ ਪਾਰਟੀ ਤੁਹਾਡੇ ਨਾਲ ਖੜ੍ਹੀ ਹੈ। ਇਸ ਮੁੱਦੇ ਨੂੰ ਅਸੀਂ ਸਦਨ ‘ਚ ਜ਼ੋਰਦਾਰ ਢੰਗ ਨਾਲ ਉਠਾਵਾਂਗੇ। ਪ੍ਰਧਾਨ ਮੰਤਰੀ ਭਾਵੇਂ ਜਿੰਨੇ ਸ਼ਬਦਾਂ ਨੂੰ ‘ਗੈਰ-ਸੰਸਦੀ’ ਦੱਸ ਕੇ ਸਾਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਲੈਣ, ਜਵਾਬ ਤਾਂ ਉਨ੍ਹਾਂ ਨੂੰ ਦੇਣਾ ਹੀ ਪਵੇਗਾ।” ਜੀ.ਐੱਸ.ਟੀ. ਪ੍ਰੀਸ਼ਦ ਦੇ ਫ਼ੈਸਲੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਨੂੰ ਕਈ ਖਾਣ-ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ। ਇਨ੍ਹਾਂ ‘ਚ ਪਹਿਲੇ ਤੋਂ ਪੈਕ ਅਤੇ ਲੇਬਲ ਵਾਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਆਟਾ, ਪਨੀਰ ਅਤੇ ਦਹੀਂ ਸ਼ਾਮਲ ਹਨ, ਜਿਨ੍ਹਾਂ ‘ਤੇ 5 ਫੀਸਦੀ ਜੀ.ਐੱਸ.ਟੀ. ਦੇਣਾ ਹੋਵੇਗਾ।