ਮੁੰਬਈ – ਅਦਾਕਾਰ ਆਰ. ਮਾਧਵਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਰਾਕੇਟਰੀ ਦਿ ਨਾਂਬੀ ਇਫੈਕਟ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਉਨ੍ਹਾਂ ਦੀ ਫ਼ਿਲਮ ਨੇ ਬਾਕਸ ਆਫਿਸ ’ਤੇ ਵੀ ਕਮਾਲ ਕੀਤਾ ਹੈ। ਹੁਣ ਹਾਲ ਹੀ ’ਚ ਉਨ੍ਹਾਂ ਦੀ ਖ਼ੁਸ਼ੀ ਨੂੰ ਅਦਾਕਾਰ ਦੇ ਪੁੱਤਰ ਵੇਦਾਂਤ ਨੇ ਦੁੱਗਣਾ ਕਰ ਦਿੱਤਾ ਹੈ।
ਅਸਲ ’ਚ ਵੇਦਾਂਤ ਨੇ 48ਵੇਂ ਜੂਨੀਅਰ ਨੈਸ਼ਨਲ ਏਕਵਾਟਿਕ ਚੈਂਪੀਅਨਸ਼ਿਪ ’ਚ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ। ਮਾਧਵਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘‘ਕਦੇ ਨਾਂਹ ਨਾ ਆਖੋ, 1500 ਮੀਟਰ ਫ੍ਰੀਸਟਾਈਲ ਨੈਸ਼ਨਲ ਜੂਨੀਅਰ ਰਿਕਾਰਡ ਵੇਦਾਂਤ ਨੇ ਤੋੜ ਦਿੱਤਾ ਹੈ।’’
ਮਾਧਵਨ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਵੇਦਾਂਤ ਤੈਰਦਾ ਨਜ਼ਰ ਆ ਰਿਹਾ ਹੈ। ਇਸ ਵਿਚਾਲੇ ਕੁਮੈਂਟੇਟਰ ਕਹਿੰਦੇ ਹਨ ਕਿ ਲਗਭਗ 16 ਮਿੰਟਾਂ ’ਚ ਵੇਦਾਂਤ ਨੇ ਅਦਵੈਤ ਪੇਜ ਦੇ 780 ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਵੇਦਾਂਤ ਨੇ ਪਿਛਲੇ ਸਾਲ ਅਕਤੂਬਰ ’ਚ ਜੂਨੀਅਰ ਨੈਸ਼ਨਲ ਏਕਵਾਟਿਕ ਚੈਂਪੀਅਨਸ਼ਿਪ ’ਚ ਮਹਾਰਾਸ਼ਟਰਾ ਲਈ ਕੁਲ 7 ਮੈਡਲ ਜਿੱਤੇ ਸਨ। ਉਸ ਨੇ ਬੈਂਗਲੁਰੂ ਦੇ ਬਸਵਨਗੁਡੀ ਏਕਵਾਟਿਕ ਸੈਂਟਰ ’ਚ ਆਯੋਜਿਤ ਸਵਿਮਿੰਗ ਚੈਂਪੀਅਨਸ਼ਿਪ ’ਚ 4 ਸਿਲਵਰ ਤੇ 3 ਬ੍ਰਾਊਨਜ਼ ਮੈਡਲ ਆਪਣੇ ਨਾਂ ਕੀਤੇ ਸਨ।
ਵੇਦਾਂਤ ਨੇ 800 ਮੀਟਰ ਫ੍ਰੀਸਟਾਈਲ ਸਵਿਮਿੰਗ, 1500 ਮੀਟਰ ਫ੍ਰੀਸਟਾਈਲ ਸਵਿਮਿੰਗ, 4×100 ਮੀਟਰ ਫ੍ਰੀਸਟਾਈਲ ਸਵਿਮਿੰਗ ਤੇ 4×200 ਮੀਟਰ ਫ੍ਰੀਸਟਾਈਲ ਸਵਿਮਿੰਗ ਰਿਲੇ ਇਵੈਂਟ ’ਚ ਸਿਲਵਰ ਮੈਡਲ ਜਿੱਤੇ ਸਨ।
100 ਮੀਟਰ, 200 ਮੀਟਰ ਤੇ 400 ਮੀਟਰ ਫ੍ਰੀਸਟਾਈਲ ਸਵਿਮਿੰਗ ਇਵੈਂਟ ’ਚ ਉਸ ਨੇ ਬ੍ਰਾਊਨਜ਼ ਮੈਡਲ ’ਤੇ ਕਬਜ਼ਾ ਜਮਾਇਆ ਸੀ। ਇਸ ’ਤੇ ਪ੍ਰਸ਼ੰਸਕਾਂ ਸਮੇਤ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਰ. ਮਾਧਵਨ ਨੂੰ ਵਧਾਈ ਵੀ ਦਿੱਤੀ ਸੀ। ਇਸ ਤੋਂ ਇਲਾਵਾ ਪੁੱਤਰ ਦੀ ਚੰਗੀ ਪਰਵਰਿਸ਼ ਲਈ ਵੀ ਮਾਧਵਨ ਦੀ ਤਾਰੀਫ਼ ਕੀਤੀ ਸੀ।