15ਵਾਂ ਰਾਸ਼ਟਰਪਤੀ ਚੁਣਨ ਲਈ ਸੰਸਦ ਮੈਂਬਰ ਤੇ ਵਿਧਾਇਕ ਅੱਜ ਪਾਉਣਗੇ ਵੋਟਾਂ

ਨਵੀਂ ਦਿੱਲੀ – ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਯਾਨੀ ਅੱਜ ਲਗਭਗ 4800 ਸੰਸਦ ਮੈਂਬਰ ਅਤੇ ਵਿਧਾਇਕ ਵੋਟ ਪਾਉਣਗੇ। ਇਸ ਚੋਣ ਲਈ ਰਾਜਗ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦੀ ਸਥਿਤੀ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਦੇ ਮੁਕਾਬਲੇ ਸਪੱਸ਼ਟ ਰੂਪ ਨਾਲ ਮਜ਼ਬੂਤ ਹੈ। ਉਨ੍ਹਾਂ ਨੂੰ 60 ਫੀਸਦੀ ਤੋਂ ਵੱਧ ਵੋਟਾਂ ਮਿਲਣ ਦੀ ਸੰਭਾਵਨਾ ਹੈ। ਵੋਟਾਂ ਪੈਣ ਦਾ ਕੰਮ ਦਿੱਲੀ ’ਚ ਸੰਸਦ ਭਵਨ ਅਤੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ’ਚ ਸੂਬਾਈ ਵਿਧਾਨ ਸਭਾਵਾਂ ’ਚ ਹੋਵੇਗਾ। ਇਸ ਮੰਤਵ ਲਈ ਬੈਲਟ ਬਕਸੇ ਪਹਿਲਾਂ ਹੀ ਉਕਤ ਥਾਵਾਂ ’ਤੇ ਪਹੁੰਚ ਚੁੱਕੇ ਹਨ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਨਵੇਂ ਰਾਸ਼ਟਰਪਤੀ ਵਲੋਂ 25 ਜੁਲਾਈ ਨੂੰ ਸਹੁੰ ਚੁੱਕੀ ਜਾਵੇਗੀ।
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਹੋਰਨਾਂ ਕੁਝ ਚੋਣਾਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਇਕ ਅਜਿਹੀ ਤਕਨੀਕ ’ਤੇ ਆਧਾਰਿਤ ਹਨ ਜਿਸ ’ਚ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਵਰਗੀਆਂ ਸਿੱਧੀਆਂ ਚੋਣਾਂ ’ਚ ਵੋਟਾਂ ਨੂੰ ਇਕੱਠਾ ਕਰਨ ਦਾ ਕੰਮ ਕਰਦੀਆਂ ਹਨ। ਵੋਟਰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਂ ਦੇ ਸਾਹਮਣੇ ਵਾਲੇ ਬਟਨ ਨੂੰ ਦਬਾਉਂਦੇ ਹਨ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਰਾਸ਼ਟਰਪਤੀ ਦੀ ਚੋਣ ਦੌਰਾਨ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੱਖ-ਵੱਖ ਰੰਗਾਂ ਦੇ ਬੈਲਟ ਪੇਪਰ ਦਿੱਤੇ ਜਾਣਗੇ।