ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ, ਗੰਦੀ ਰਾਜਨੀਤੀ ਕਾਰਨ ਪੰਜਾਬ ਦੇ ਕੁਦਰਤੀ ਸਰੋਤ ਹੋਏ ਪਲੀਤ

ਸੁਲਤਾਨਪੁਰ ਲੋਧੀ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਪੰਜਾਬ ਦੇ ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਦੇ ਪਲੀਤ ਹੋਣ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਇਹ ਦੋਵੇਂ ਆਗੂ ਬੀਤੇ ਦਿਨ ਸੁਲਤਾਨਪੁਰ ਲੋਧੀ ਵਿਚ ਪਵਿੱਤਰ ਕਾਲੀ ਵੇਈਂ ਦੀ ਮਨਾਈ ਗਈ ਕਾਰਸੇਵਾ ਦੀ 22ਵੀਂ ਵਰ੍ਹੇਗੰਢ ਦੇ ਸਮਾਗਮ ਨੂੰ ਸੰਬੋਧਨ ਕਰਨ ਲਈ ਆਏ ਹੋਏ ਸਨ। ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇੰਨੀ ਜ਼ਿਆਦਾ ਨਾਲਾਇਕੀ ਰਹੀ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਵੀ ਨਹੀਂ ਬਖਸ਼ਿਆ।\
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਾਜਨੀਤੀ ਕਾਰਨ ਹੀ ਪੰਜਾਬ ਦੇ ਦਰਿਆ ਪਲੀਤ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੂਬੇ ਵਿਚ ਵਗਦੇ ਦਰਿਆ ਉੱਥੇ ਦੇ ਲੋਕਾਂ ਦੀ ਸਾਹ ਰਗ ਵਾਂਗ ਹੁੰਦੇ ਹਨ। ਸਰਕਾਰਾਂ ਦੀਆਂ ਨਾਲਾਇਕੀਆਂ ਕਾਰਨ ਸੂਬੇ ਦੇ ਦਰਿਆ ਅਤੇ ਨਦੀਆਂ ਇੰਨੇ ਗੰਦੇ ਹੋ ਗਏ ਹਨ ਕਿ ਉਨ੍ਹਾਂ ਕੋਲ ਖੜੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਦਰਿਆ ਹੁਣ ਪਾਣੀ ਦੇ ਨਹੀਂ ਸਗੋਂ ਜ਼ਹਿਰਾਂ ਨਾਲ ਭਰੇ ਵਗਦੇ ਹਨ।
ਸਪੀਕਰ ਸੰਧਵਾਂ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ 22 ਸਾਲਾਂ ਤੋਂ ਬਾਬੇ ਨਾਨਕ ਦੀ ਵੇਈਂ ਨੂੰ ਸਾਫ਼ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਵੱਲੋਂ ਸੰਗਤਾਂ ਨੂੰ ਨਾਲ ਲੈ ਕੇ ਕੀਤੇ ਸੁਹਿਰਦ ਯਤਨਾਂ ਸਦਕਾ ਬਾਬੇ ਨਾਨਕ ਦੀ ਵੇਈਂ ਮੁੜ ਸੁਰਜੀਤ ਹੋ ਗਈ ਹੈ। ਉਨ੍ਹਾਂ ਸੰਗਤਾਂ ਨੂੰ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵੇਈਂ ਦੀ ਕਾਰ ਸੇਵਾ ਨੇ ਪੰਜਾਬ ਵਿਚ ਵਾਤਾਵਰਣ ਪ੍ਰਤੀ ਚੇਤਨਾ ਦੀ ਜਿਹੜੀ ਚਿਣਗ ਪੈਦਾ ਕੀਤੀ ਹੈ, ਉਸ ਨਾਲ ਪੰਜਾਬ ਦਾ ਭਵਿੱਖ ਰੁਸ਼ਨਾਏਗਾ।