ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਇਨ੍ਹਾਂ ਮੁੱਦਿਆਂ ’ਤੇ ਹੰਗਾਮੇ ਦੇ ਆਸਾਰ

ਨਵੀਂ ਦਿੱਲੀ– ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਯਾਨੀ ਕਿ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਇਹ ਸੈਸ਼ਨ 12 ਅਗਸਤ ਤੱਕ ਚਲੇਗਾ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਵੀ ਸੈਸ਼ਨ ਦੇ ਕਾਫੀ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਦਰਅਸਲ ਵਿਰੋਧੀ ਧਿਰ ਸਰਕਾਰ ਨੂੰ ਕਈ ਮੁੱਦਿਆਂ ’ਤੇ ਘੇਰਨ ਦੀ ਤਿਆਰੀ ’ਚ ਹੈ। ਸੰਸਦ ਦਾ ਮਾਨਸੂਨ ਸੈਸ਼ਨ ਇਸ ਲਈ ਵੀ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਅੱਜ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਵੀ ਹੈ। ਮਾਨਸੂਨ ਸੈਸ਼ਨ ’ਚ ਸਰਕਾਰ ਕਈ ਬਿੱਲਾਂ ਨੂੰ ਸਦਨ ’ਚ ਪੇਸ਼ ਕਰ ਸਕਦੀ ਹੈ।
ਮਾਨਸੂਨ ਸੈਸ਼ਨ ਨੂੰ ਵੇਖਦੇ ਹੋਏ ਐਤਵਾਰ ਯਾਨੀ ਕਿ 17 ਜੁਲਾਈ ਨੂੰ ਸਰਕਾਰ ਵੱਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸੈਸ਼ਨ ਦੌਰਾਨ ਲੋਕਾਂ ਨਾਲ ਸਬੰਧਤ ਮੁੱਦਿਆਂ ‘ਤੇ ਧਿਆਨ ਦੇਣ, ਵਿਸ਼ੇਸ਼ ਜ਼ਿਕਰ ਕਰਨ ਅਤੇ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਾਉਣ ਨੂੰ ਜ਼ਿਆਦਾ ਸਮਾਂ ਮਿਲਣਾ ਚਾਹੀਦਾ ਹੈ।
ਰਾਜ ਸਭਾ ਵਿਚ ਕਾਂਗਰਸ ਪਾਰਟੀ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਸੰਸਦ ਦੇ ਸੈਸ਼ਨ ਦੌਰਾਨ ਵਿਚਾਰ-ਵਟਾਂਦਰੇ ਲਈ ਸਰਕਾਰ ਦੇ ਸਾਹਮਣੇ 13 ਮੁੱਦੇ ਰੱਖਣ ਦੀ ਗੱਲ ਕਰਦੇ ਹੋਏ ਕਿਹਾ ਕਿ ਸੈਸ਼ਨ ਦੌਰਾਨ ਇਨ੍ਹਾਂ ਸਾਰਿਆਂ ‘ਤੇ ਚਰਚਾ ਹੋਣੀ ਚਾਹੀਦੀ ਹੈ। ਸੰਘੀ ਢਾਂਚਾ, ਅਗਨੀਪਥ ਸਕੀਮ, ਡੀ.ਐੱਚ.ਐੱਲ.ਐੱਲ ਬੈਂਕ ਘੁਟਾਲਾ, ਅਸਮਾਨ ਛੂਹ ਰਹੀ ਮਹਿੰਗਾਈ, ਲਗਾਤਾਰ ਵਧ ਰਹੀ ਬੇਰੁਜ਼ਗਾਰੀ, ਡਾਲਰ ਦੇ ਮੁਕਾਬਲੇ ਰੁਪਏ ਦੀ ਰਿਕਾਰਡ ਗਿਰਾਵਟ, ਨਫਰਤ ਭਰੇ ਭਾਸ਼ਣ, ਜੰਮੂ-ਕਸ਼ਮੀਰ ‘ਚ ਅਪਰਾਧ ਦੀਆਂ ਵਧਦੀਆਂ ਘਟਨਾਵਾਂ ਅਤੇ ਕਸ਼ਮੀਰੀ ਪੰਡਿਤਾਂ ‘ਤੇ ਹੋ ਰਹੇ ਹਮਲਿਆਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਇਸ ਮੁੱਦੇ ‘ਤੇ ਚਰਚਾ ਕਰੇਗੀ। ਚੀਨੀ ਘੁਸਪੈਠ ਅਤੇ ਸਰਕਾਰ ਦੀ ਵਿਦੇਸ਼ ਨੀਤੀ ਦੀ ਅਸਫਲਤਾ ਵਰਗੇ ਮੁੱਦੇ ਸੰਸਦ ’ਚ ਚੁੱਕੇਗੀ।
ਗੁਰਦੁਆਰਾ ਸਾਹਿਬ ਨਤਮਸਤਕ ਹੋਏ ਰਾਘਵ ਚੱਢਾ
ਓਧਰ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਟਵੀਟ ’ਤੇ ਲਿਖਿਆ, ‘‘ਮੈਂ ਆਪਣੇ ਪਹਿਲੇ ਸੰਸਦ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ਲਈ ਲੜਨ ਦੀ ਸ਼ਕਤੀ ਦੇਣ ਲਈ ਪਰਮਾਤਮਾ ਤੋਂ ਆਸ਼ੀਰਵਾਦ ਮੰਗਿਆ। ਮੈਂ 3 ਕਰੋੜ ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਧੰਨਵਾਦ।’’