ਜੰਮੂ ਕਸ਼ਮੀਰ : ਪੁੰਛ ‘ਚ LOC ਕੋਲ ਦਿੱਸਿਆ ਡਰੋਨ, ਫ਼ੌਜ ਨੇ ਕੀਤੀ ਫ਼ਾਇਰਿੰਗ

ਜੰਮੂ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਇਕ ਡਰੋਨ ਦਿਖਾਈ ਦੇਣ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਕੁਝ ਰਾਊਂਡ ਗੋਲੀਆਂ ਚਲਾਈਆਂ। ਫ਼ੌਜ ਦੇ ਸੂਤਰਾਂ ਨੇ ਕਿਹਾ,”ਪੁੰਛ ‘ਚ ਕ੍ਰਿਸ਼ਨਾ ਘਾਟੀ ਸੈਕਟਰ ਦੇ ਮੇਂਢਰ ਇਲਾਕੇ ‘ਚ ਕੰਟਰੋਲ ਰੇਖਾ ਕੋਲ ਦੇਰ ਰਾਤ ਡਰੋਨ ਨੂੰ ਸ਼ੱਕੀ ਤਰੀਕੇ ਨਾਲ ਜਾਸੂਸੀ ਕਰਦੇ ਹੋਏ ਦੇਖਿਆ।”
ਉਨ੍ਹਾਂ ਕਿਹਾ ਕਿ ਇਲਾਕੇ ‘ਚ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਡਰੋਨ ‘ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵੱਲ ਪਰਤ ਗਿਆ। ਉਨ੍ਹਾਂ ਕਿਹਾ ਕਿ ਫ਼ੌਜ ਨੇ ਡਰੋਨ ਵਲੋਂ ਕਿਸੇ ਤਰ੍ਹਾਂ ਦੀ ਸ਼ੱਕੀ ਵਸਤੂ ਨੂੰ ਸੁੱਟੇ ਜਾਣ ਦਾ ਖ਼ਦਸ਼ਾ ਜਤਾਉਂਦੇ ਹੋਏ ਪੁਲਸ ਅਤੇ ਨੀਮ ਫ਼ੌਜੀ ਫ਼ੋਰਸਾਂ ਨਾਲ ਇਲਾਕੇ ‘ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਆਉਣ ਵਾਲੀ 29 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਬਾਬਾ ਬੁਢਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਦੋਵੇਂ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁੰਛ ‘ਚ ਸੁਰੱਖਿਆ ਵਿਵਸਥਾ ਵਧਾਈ ਗਈ ਹੈ। ਇਸ ਤੋਂ ਪਹਿਲਾਂ 6 ਜੁਲਾਈ ਨੂੰ ਵੀ ਸਾਂਬਾ ਜ਼ਿਲ੍ਹੇ ‘ਚ ਕੌਮਾਂਤਰੀ ਸਰਹੱਦ ਕੋਲ ਡਰੋਨ ਦੀ ਸ਼ੱਕੀ ਗਤੀਵਿਧੀ ਦਿਖਾਈ ਦਿੱਤੀ ਸੀ।