ਜੰਮੂ ਕਸ਼ਮੀਰ ਦੇ ਅਵੰਤੀਪੋਰਾ ‘ਚ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਸ਼੍ਰੀਨਗਰ – ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਅਵੰਤੀਪੋਰਾ ‘ਚ ਸੁਰੱਖਿਆ ਫ਼ੋਰਸਾਂ ਨੇ ਅਲ-ਬਦਰ ਨਾਲ ਜੁੜੇ ਇਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਆਵਾਜਾਈ ਦੇ ਸੰਬੰਧ ‘ਚ ਇਕ ਵਿਸ਼ੇਸ਼ ਸੂਚਨਾ ਤੋਂ ਬਾਅਦ ਸੰਯੁਕਤ ਫ਼ੋਰਸਾਂ ਵਲੋਂ ਸਥਾਪਤ ਚੌਕੀ ਬੇਗੰਡ (ਅਵੰਤੀਪੋਰਾ) ‘ਤੇ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਬੁਲਾਰੇ ਨੇ ਕਿਹਾ,”ਜਾਂਚ ਦੌਰਾਨ, ਸ਼ੋਪੀਆਂ ਦੇ ਕਸ਼ਵਾ ਚਿਤਰਗਾਮ ਵਾਸੀ ਆਮਿਰ ਅਹਿਦਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੋ ਇਕ ਹਾਈਬ੍ਰਿਡ ਅੱਤਵਾਦੀ ਹੈ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ-ਬਦਰ ਨਾਲ ਜੁੜਿਆ ਹੈ।” ਉਨ੍ਹਾਂ ਕਿਹਾ ਕਿ ਫੜੇ ਗਏ ਅੱਤਵਾਦੀ ਕੋਲੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ, ਇਕ ਪਿਸਤੌਲ ਅਤੇ ਚਾਰ ਪਿਸਤੌਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੇ ਕਿਹਾ ਕਿ ਇਸ ਸੰਬੰਧ ‘ਚ ਕਾਨੂੰਨ ਨਾਲ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।