ਲੁਧਿਆਣਾ : ਵਿਆਹ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਇਕ ਜਨਾਨੀ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਮੁਲਜ਼ਮ ਨੇ ਉਸ ਦੀਆਂ ਮੋਬਾਇਲ ਵਿਚ ਤਸਵੀਰਾਂ ਵੀ ਖਿੱਚ ਲਈਆਂ। ਪੀੜਤਾ ਵਲੋਂ ਵਿਆਹ ਦਾ ਦਬਾਅ ਪਾਉਣ ’ਤੇ ਵਿਅਕਤੀ ਨੇ ਉਸ ਦੀਆਂ ਗਲਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ ਅਤੇ ਉਸ ਨੂੰ ਬਲੈਕਮੇਲ ਕਰਨ ਲੱਗ ਗਿਆ। ਪੀੜਤ ਔਰਤ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਸ ਨੇ ਕਰਨਾਟਕਾ ਦੇ ਰਹਿਣ ਵਾਲੇ ਸ਼ਿਵ ਪ੍ਰਸਾਦ ਖ਼ਿਲਾਫ ਬਲੈਕਮੇਲ ਕਰਨ ਦਾ ਪਰਚਾ ਦਰਜ ਕੀਤਾ ਹੈ।
ਪਿੰਡ ਠੱਕਰਵਾਲ ਦੀ ਪੀੜਤ ਔਰਤ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਬੈਂਗਲੁਰੂ ’ਚ ਇਕ ਵਾਰ ’ਚ ਕੰਮ ਕਰਦੀ ਸੀ, ਜਿੱਥੇ ਉਸ ਦੀ ਮੁਲਾਕਾਤ ਸ਼ਿਵ ਪ੍ਰਸਾਦ ਨਾਲ ਹੋਈ, ਜਿਸ ਨੇ ਵਿਆਹ ਦਾ ਝਾਂਸਾ ਦਿੱਤਾ ਅਤੇ ਉਸ ਨਾਲ ਲਗਾਤਾਰ ਸਰੀਰਕ ਸਬੰਧ ਬਣਾਉਂਦਾ ਰਿਹਾ ਪਰ ਮੁਲਜ਼ਮ ਵਿਆਹ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਸਮਰਾਲਾ ਸਥਿਤ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ, ਜਿੱਥੇ ਪਤਾ ਲੱਗਾ ਕਿ ਮੁਲਜ਼ਮ ਸ਼ਿਵ ਪ੍ਰਸਾਦ ਨੇ ਉਸ ਦੇ ਨਾਂ ਨਾਲ ਇਕ ਜਾਅਲੀ ਫੇਸਬੁੱਕ ਆਈ. ਡੀ. ਬਣਾਈ ਅਤੇ ਉਸ ਦੀ ਗਲਤ ਤਸਵੀਰ ਪਾ ਦਿੱਤੀ। ਇਸ ਤੋਂ ਬਾਅਦ ਫਿਰ ਵੱਖ-ਵੱਖ ਮੋਬਾਇਲ ਨੰਬਰਾਂ ਦੀ ਵਰਤੋਂ ਕਰ ਕੇ ਮੁਲਜ਼ਮ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਕਿਹਾ ਕਿ ਬਲੈਕਮੇਲ ਕਰਕੇ ਮੁਲਜ਼ਮ ਨੇ ਉਸ ਤੋਂ ਪੈਸੇ ਵੀ ਠੱਗ ਲਏ। ਇਸ ਤੋਂ ਬਾਅਦ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਫਿਰ ਮੁਲਜ਼ਮ ’ਤੇ ਕੇਸ ਦਰਜ ਹੋਇਆ। ਉਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਟੀਮ ਭੇਜੀ ਜਾਵੇਗੀ।