ਚੰਡੀਗੜ੍ਹ/ਅੰਮ੍ਰਿਤਸਰ : ਸੁਪਰੀਮ ਕੋਰਟ ਵਲੋਂ ਜਕੀਆ ਜਾਫਰੀ ਮਾਮਲੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਅਤੇ ਤੀਸਤਾ ਸੀਤਲਵਾੜ ਦੀ ਭੂਮਿਕਾ ’ਤੇ ਸਵਾਲ ਉਠਾਏ ਜਾਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। ਚੁਘ ਨੇ ਕਿਹਾ ਕਿ 24 ਜੂਨ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ ਆਇਆ ਸੀ, ਜਿਸ ਵਿਚ ਜਕੀਆ ਜਾਫਰੀ ਅਤੇ ਤੀਸਤਾ ਸੀਤਲਵਾੜ ਦੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤੀਆਂ ਗਈਆਂ। ਪਿਛਲੇ ਦੋ ਦਹਾਕਿਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸਿਆਸੀ ਸਾਜਿਸ਼ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਐੱਸ.ਆਈ.ਟੀ. ’ਤੇ ਵੀ ਬੇਲੋੜੇ ਦੋਸ਼ ਲਾਏ ਗਏ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਧਾਨ ਮੰਤਰੀ ਖਿਲਾਫ਼ ਝੂਠੀ ਮੁਹਿੰਮ ਚਲਾਉਣ ਪਿੱਛੇ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ।
ਚੁਘ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਠੇਕੇ ’ਤੇ ਬੈਠੇ ਕੁਝ ਲੋਕਾਂ ਦਾ ਅਸਲ ਕਿਰਦਾਰ ਸਭ ਦੇ ਸਾਹਮਣੇ ਆ ਗਿਆ ਹੈ। ਅਸਲ ਵਿਚ ਅਖੌਤੀ ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਇਹ ਲੋਕ ਦੇਸ਼ ਵਿਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜਿਹੜੇ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਕਹਿ ਕੇ ਮਨੁੱਖੀ ਅਧਿਕਾਰਾਂ ਦੇ ਕੇਸ ਦੀ ਉਲੰਘਣਾ ਕਰਦੇ ਰਹੇ, ਜੋ ਨਰਿੰਦਰ ਮੋਦੀ ਖਿਲਾਫ਼ ਸਾਜਿਸ਼ ਰਚਦੇ ਰਹੇ, ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਤੀਸਤਾ ਸੀਤਲਵਾੜ ਨੂੰ ਮੋਹਰਾ ਬਣਾ ਕੇ ਸਾਜਿਸ਼ ਰਚਣ ਦਾ ਦੋਸ਼ ਲਗਾਉਂਦਿਆਂ ਚੁਘ ਨੇ ਕਿਹਾ ਕਿ ਤੀਸਤਾ ਸੀਤਲਵਾੜ ਫਿਰਕੂ ਨਫ਼ਰਤ ਫੈਲਾਉਣ ਦੀ ਇਕ ਛੋਟੀ ਸ਼ਾਖਾ ਸੀ, ਅਸਲ ਵਿਚ ਉਨ੍ਹਾਂ ਦਾ ਮੁੱਖ ਦਫ਼ਤਰ ਕਾਂਗਰਸ ਦਾ ਦਫ਼ਤਰ ਹੀ ਸੀ।