ਉਦੇਪੁਰ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀਰਵਾਰ ਨੂੰ ਦਰਜੀ ਕਨ੍ਹਈਆ ਲਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਦਰਜੀ ਕਨ੍ਹਈਆ ਲਾਲ ਦਾ 2 ਲੋਕਾਂ ਨੇ ਮੰਗਲਵਾਰ ਨੂੰ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਸੀ। ਉਦੇਪੁਰ ਸ਼ਹਿਰ ‘ਚ ਵੀਰਵਾਰ ਨੂੰ ਵੀ ਕਰਫਿਊ ਜਾਰੀ ਰਿਹਾ। ਮੋਬਾਇਲ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਸ਼ੇਸ਼ ਜਹਾਜ਼ ਤੋਂ ਵੀਰਵਾਰ ਦੁਪਹਿਰ ਕਰੀਬ ਇਕ ਵਜੇ ਉਦੇਪੁਰ ਪਹੁੰਚਣਗੇ ਅਤੇ ਦਰਜੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਨਾਲ ਰਾਜਸਥਾਨ ਦੇ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ, ਮੁੱਖ ਸਕੱਤਰ ਊਸ਼ਾ ਸ਼ਰਮਾ, ਪੁਲਸ ਜਨਰਲ ਡਾਇਰੈਕਟਰ ਐੱਮ.ਐੱਲ. ਰਾਠੌੜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਦੇਪੁਰ ਪਹੁੰਚਣਗੇ। ਉੱਥੇ ਹੀ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੇ ਕਤਲ ਦੇ ਵਿਰੋਧ ‘ਚ ਉਦੇਪੁਰ ਦੇ ਟਾਊਨ ਹਾਲ ਤੋਂ ਕਲੈਕਟ੍ਰੇਟ ਤੱਕ ਰੈਲੀ ਕੱਢਣ ਦੀ ਯੋਜਨਾ ਬਣਾਈ ਹੈ।
‘ਸਰਵ ਸਮਾਜ’ ਨੇ ਰੈਲੀ ਕੱਢਣ ਦੀ ਅਪੀਲ ਕੀਤੀ ਹੈ। ਉਦੇਪੁਰ ‘ਚ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। 2 ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ, ਇਕ ਡਿਪਟੀ ਜਨਰਲ ਇੰਸਪੈਕਟਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਦਲ ਸ਼ਹਿਰ ‘ਚ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹਨ। ਦੱਸਣਯੋਗ ਹੈ ਕਿ ਦਰਜੀ ਕਨ੍ਹਈਆ ਲਾਲ ਦਾ 2 ਮੁਸਲਿਮ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਇਸ ਕਤਲ ਦਾ ਵੀਡੀਓ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਪਾਇਆ ਸੀ। ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਰ ਰਿਹਾ ਹੈ ਅਤੇ ਰਾਜਸਥਾਨ ਪੁਲਸ ਦਾ ਅੱਤਵਾਦੀ ਰੋਕੂ ਦਸਤਾ (ਏ.ਟੀ.ਐੱਸ.) ਜਾਂਚ ‘ਚ ਮਦਦ ਕਰ ਰਿਹਾ ਹੈ।