ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ੀ ਨੇਤਾਵਾਂ ਵੱਲੋਂ ਤੋਹਫ਼ੇ ਵਿੱਚ ਮਿਲੀਆਂ 3 ਮਹਿੰਗੀਆਂ ਘੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚ ਕੇ 3.6 ਕਰੋੜ ਰੁਪਏ ਕਮਾਏ ਹਨ। ਬੁੱਧਵਾਰ ਨੂੰ ਮੀਡੀਆ ਵਿਚ ਆਈ ਇਕ ਖ਼ਬਰ ‘ਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੀਓ ਨਿਊਜ਼ ਨਾਲ ਸਾਂਝੇ ਕੀਤੇ ਗਏ ਅਧਿਕਾਰਤ ਜਾਂਚ ਵੇਰਵਿਆਂ ਅਨੁਸਾਰ, ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਖਾਨ ਨੇ ਇਨ੍ਹਾਂ ਹੀਰੇ ਜੜੀਆਂ ਕੀਮਤੀ ਘੜੀਆਂ ਤੋਂ ਕਰੋੜਾਂ ਰੁਪਏ ਕਮਾਏ ਹਨ, ਜਿਨ੍ਹਾਂ ਦੀ ਕੁੱਲ ਕੀਮਤ 15.4 ਕਰੋੜ ਰੁਪਏ ਹੈ। ਖ਼ਬਰ ‘ਚ ਕਿਹਾ ਗਿਆ ਹੈ ਕਿ ਸਭ ਤੋਂ ਮਹਿੰਗੀ ਘੜੀ ਦੀ ਕੀਮਤ 10.1 ਕਰੋੜ ਰੁਪਏ ਸੀ, ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਨੇ ਉਸ ਦੀ ਕੀਮਤ ਦਾ 20 ਫ਼ੀਸਦੀ ਦੇ ਕੇ ਆਪਣੇ ਕੋਲ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ‘ਤੋਸ਼ਾਖਾਨਾ’ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਫੈਸਲਾ ਕੀਤਾ ਸੀ ਕਿ ਤੋਹਫ਼ੇ ਨੂੰ ਅਸਲ ਕੀਮਤ ਦਾ 50 ਫ਼ੀਸਦੀ ਅਦਾ ਕਰਕੇ ਉਸ ਨੂੰ ਆਪਣੇ ਕੋਲ ਰੱਖਿਆ ਜਾ ਸਕਦਾ ਹੈ।
ਪਾਕਿਸਤਾਨ ਦੇ ਕਾਨੂੰਨ ਮੁਤਾਬਕ ਵਿਦੇਸ਼ੀ ਨੇਤਾਵਾਂ ਤੋਂ ਮਿਲੇ ਕਿਸੇ ਵੀ ਤੋਹਫੇ ਨੂੰ ਸਰਕਾਰੀ ਖਜ਼ਾਨੇ ‘ਚ ਜਮ੍ਹਾ ਕਰਵਾਉਣਾ ਹੁੰਦਾ ਹੈ। ਖ਼ਬਰ ਵਿਚ ਦਸਤਾਵੇਜ਼ਾਂ ਅਤੇ ਵਿਕਰੀ ਦੀਆਂ ਰਸੀਦਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਕੀਮਤੀ ਘੜੀਆਂ ਤੋਸ਼ਾਖਾਨੇ ਤੋਂ ਆਪਣੇ ਪੈਸਿਆਂ ਨਾਲ ਖ਼ਰੀਦਣ ਦੀ ਬਜਾਏ ਸਾਬਕਾ ਕ੍ਰਿਕਟਰ ਨੇ ਪਹਿਲਾਂ ਘੜੀਆਂ ਵੇਚੀਆਂ ਅਤੇ ਹਰੇਕ ਘੜੀ ਦੀ ਕੀਮਤ ਦਾ 20 ਫ਼ੀਸਦੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ। ਜ਼ਾਹਰ ਤੌਰ ‘ਤੇ ਤੋਹਫ਼ਿਆਂ ਨੂੰ ਕਦੇ ਵੀ ਤੋਸ਼ਾਖਾਨੇ ਵਿੱਚ ਜਮ੍ਹਾਂ ਨਹੀਂ ਕਰਾਇਆ ਗਿਆ। ਕਿਸੇ ਵੀ ਸਰਕਾਰੀ ਅਧਿਕਾਰੀ ਲਈ ਜ਼ਰੂਰੀ ਹੈ ਕਿ ਉਹ ਉਸ ਨੂੰ ਮਿਲੇ ਤੋਹਫ਼ੇ ਦੇ ਬਾਰੇ ਵਿਚ ਤੁਰੰਤ ਸੂਚਿਤ ਕਰੇ ਤਾਂ ਕਿ ਉਸ ਦੀ ਕੀਮਤ ਦਾ ਮੁਲਾਂਕਣ ਕੀਤਾ ਜਾ ਸਕੇ। ਜੇਕਰ ਕੋਈ ਅਧਿਕਾਰੀ ਤੋਹਫ਼ੇ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ, ਤਾਂ ਉਹ ਪਹਿਲਾਂ ਉਸ ਨੂੰ ਜਮ੍ਹਾਂ ਕਰਵਾਏ ਅਤੇ ਫਿਰ ਉਸ ਦੀ ਨਿਸ਼ਚਿਤ ਕੀਮਤ ਅਦਾ ਕਰਕੇ ਉਸ ਨੂੰ ਲੈ ਸਕਦਾ ਹੈ।