ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਬੁੱਧਵਾਰ ਨੂੰ ਇਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਕਿ ਉਦੈਪੁਰ ਵਿਚ ਇਕ ਦਰਜੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀਆਂ ਵਿਚੋਂ ਇਕ ਦੇ ਕਰਾਚੀ ਸਥਿਤ ਇਸਲਾਮੀ ਸੰਗਠਨ ਨਾਲ ਸਬੰਧ ਰਹੇ ਹਨ। ਰਿਆਜ ਅਖਤਰੀ ਅਤੇ ਗੌਸ ਮੁਹੰਮਦ ਨਾਮਕ 2 ਲੋਕਾਂ ਨੇ ਮੰਗਲਵਾਰ ਨੂੰ ਭਾਰਤ ਦੇ ਰਾਜਸਥਾਨ ਸੂਬੇ ਦੇ ਉਦੈਪੁਰ ਵਿਚ ਕਨ੍ਹਈਆ ਲਾਲ ਦਾ ਕਤਲ ਕਰ ਦਿੱਤਾ ਅਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸਲਾਮ ਦੇ ਅਪਮਾਨ ਦਾ ਬਦਲਾ ਲਿਆ ਹੈ।
ਰਾਜਸਥਾਨ ਦੇ ਪੁਲਸ ਡਾਇਰੈਕਟਰ ਜਨਰਲ ਐੱਮ.ਐੱਲ. ਲਾਥਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ 2 ਮੁੱਖ ਮੁਲਜ਼ਮਾਂ ਵਿਚੋਂ ਇਕ ਦਾ ਕਰਾਚੀ ਸਥਿਤ ਇਸਲਾਮੀ ਸੰਗਠਨ ਦਾਵਤ-ਏ-ਇਸਲਾਮੀ ਨਾਲ ਸਬੰਧ ਹੈ ਅਤੇ ਉਹ 2014 ਵਿਚ ਕਰਾਚੀ ਗਿਆ ਸੀ। ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਭਾਰਤੀ ਮੀਡੀਆ ਦੇ ਇਕ ਤਬਕੇ ਵਿਚ ਉਦੈਪੁਰ ਵਿਚ ਹੋਏ ਕਤਲ ਨਾਲ ਸਬੰਧਤ ਰਿਪੋਰਟ ਦੇਖੀ ਹੈ, ਜਿਸ ਵਿਚ ਦੋਸ਼ੀ ਵਿਅਕਤੀਆਂ ਦੇ ਪਾਕਿਸਤਾਨ ਦੇ ਇਕ ਸੰਗਠਨ ਨਾਲ ਜੁੜੇ ਹੋਣ ਦੀ ਗੱਲ ਕਹੀ ਗਈ ਹੈ। ਇਸ ਨੇ ਕਿਹਾ, ‘ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਦੋਸ਼ ਨੂੰ ਸਪਸ਼ਟ ਰੂਪ ਨਾਲ ਰੱਦ ਕਰਦੇ ਹਾਂ, ਜੋ ਨਵੀਂ ਦਿੱਲੀ ਵੱਲੋਂ ਦੇਸ਼ (ਪਾਕਿਸਤਾਨ) ਨੂੰ ਬਦਨਾਮ ਕਰਨ ਦੀ ਇਕ ਕੋਸ਼ਿਸ਼ ਹੈ।’
ਕੀ ਹੈ ਪੂਰਾ ਮਾਮਲਾ-
ਦੱਸ ਦੇਈਏ ਕਿ ਰਾਜਸਥਾਨ ਦੇ ਉਦੈਪੁਰ ਦੇ ਇਕ ਦਰਜੀ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਰਾਤ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀਆਂ ਨੇ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਇਸਲਾਮ ਦੇ ਅਪਮਾਨ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦਰਜੀ ਕਨ੍ਹਈਆ ਲਾਲ ਦੇ 8 ਸਾਲਾ ਪੁੱਤਰ ਨੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਇਸ ਤੋਂ ਗੁੱਸੇ ’ਚ ਆਏ ਦੋਸ਼ੀਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੂਪੁਰ ਨੇ ਹਾਲ ਹੀ ’ਚ ਪੈਗੰਬਰ ਮੁਹੰਮਦ ਖ਼ਿਲਾਫ ਇੰਤਰਾਜ਼ਯੋਗ ਟਿੱਪਣੀ ਕੀਤੀ ਸੀ।