ਮੁੰਬਈ- ਦੇਸ਼ ਦੀ ਵਪਾਰਕ ਰਾਜਧਾਨੀ ਤੋਂ ਕਰੀਬ 175 ਕਿਲੋਮੀਟਰ ਦੂਰ ਮੁੰਬਈ ਹਾਈ ਫੀਲਡਜ਼ ਸਾਗਰ ਕਿਰਨ ਆਇਲ ਰਿਗ ਨੇੜੇ ਪਵਨ ਹੰਸ ਹੈਲੀਕਾਪਟਰ ਨੇ ਅਰਬ ਸਾਗਰ ਦੇ ਪਾਣੀ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਹੈਲੀਕਾਪਟਰ ‘ਚ ਘੱਟੋ-ਘੱਟ 7 ਯਾਤਰੀ ਅਤੇ 2 ਪਾਇਲਟ ਸਵਾਰ ਸਨ ਅਤੇ ਹੁਣ ਤੱਕ ਸਮੁੰਦਰ ਦੇ ਪਾਣੀ ‘ਚੋਂ 5 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ।
ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ਓ.ਐਨ. ਜੀ. ਸੀ) ਦੇ ਜਹਾਜ਼ ਮਾਲਵੀਆ-16 ਅਤੇ ਆਇਲ ਰਿਗ ਸਾਗਰ ਕਿਰਨ ਦੀ ਇਕ ਕਿਸ਼ਤੀ ਜ਼ਰੀਏ ਬਚਾਅ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀ ਤੱਟ ਰੱਖਿਅਕ ਨੇ ਆਪਣੀ ਹਵਾਈ ਅਤੇ ਸਮੁੰਦਰੀ ਜਹਾਜ਼ ਨੂੰ ਤਾਇਨਾਤ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਾਣੀ ਉੱਤੇ ਐਮਰਜੈਂਸੀ ਲੈਂਡਿੰਗ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੈ ਅਤੇ ਬਚਾਅ ਕਾਰਜ ਚੱਲ ਰਿਹਾ ਹੈ।