ਨਵੀਂ ਦਿੱਲੀ– ਗਨੀਪਥ ਯੋਜਨਾ ਦੇ ਵਿਰੋਧ ਦਰਮਿਆਨ ਫੌਜ ’ਚ ਅਗਨੀਵੀਰਾਂ ਦੇ ਤੌਰ ’ਤੇ ਭਰਤੀ ਲਈ ਹਜ਼ਾਰਾਂ ਨੌਜਵਾਨ ਸਾਹਮਣੇ ਆਏ ਹਨ। ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਅਗਨੀਪਥ ਯੋਜਨਾ ਦੇ ਤਹਿਤ ਭਾਰਤੀ ਹਵਾਈ ਫੌਜ ’ਚ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੇ ਚਾਰ ਦਿਨਾਂ ਦੇ ਅੰਦਰ 94,281 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਗਭਗ ਇਕ ਹਫ਼ਤੇ ਤੱਕ ਕਈ ਸੂਬਿਆਂ ’ਚ ਹਿੰਸਕ ਪ੍ਰਦਰਸ਼ਨ ਹੋਏ ਅਤੇ ਕਈ ਵਿਰੋਧੀ ਪਾਰਟੀਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ।
ਰੱਖਿਆ ਮੰਤਰਾਲੇ ਦੇ ਬੁਲਾਰੇ ਏ. ਭਾਰਤ ਭੂਸ਼ਣ ਬਾਬੂ ਨੇ ਟਵਿੱਟਰ ’ਤੇ ਲਿਖਿਆ, ‘(ਸੋਮਵਾਰ ਨੂੰ) ਸਵੇਰੇ 10:30 ਵਜੇ ਤੱਕ ਕੁੱਲ 94,281 ਲੋਕਾਂ ਨੇ ਅਗਨੀਵੀਰ ਵਾਯੂ ਲਈ ਅਰਜ਼ੀ ਦਿੱਤੀ ਹੈ।’ ਭਾਰਤੀ ਹਵਾਈ ਫੌਜ ਨੂੰ ਇਸ ਯੋਜਨਾ ਦੇ ਤਹਿਤ ਐਤਵਾਰ ਤੱਕ 56,960 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸਰਕਾਰ ਨੇ ਕਿਹਾ ਹੈ ਕਿ ਯੋਜਨਾ ਤਹਿਤ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਵਿਚਕਾਰ ਦੇ ਨੌਜਵਾਨਾਂ ਨੂੰ ਚਾਰ ਸਾਲਾਂ ਦੇ ਕਾਰਜਕਾਲ ਲਈ ਫੌਜ ’ਚ ਸ਼ਾਮਿਲ ਕੀਤਾ ਜਾਵੇਗਾ ਅਤੇ ਉਨ੍ਹਾਂ ’ਚੋਂ 25 ਫੀਸਦੀ ਨੂੰ ਬਾਅਦ ’ਚ ਰੈਗੂਲਰ ਸੇਵਾ ’ਚ ਸ਼ਾਮਿਲ ਕੀਤਾ ਜਾਵੇਗਾ।