ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਹੋਈ ਦਰਦਨਾਕ ਮੌਤ ਮਗਰੋਂ ਉਨ੍ਹਾਂ ਵੱਲੋਂ ਲਿਖਿਆ ਹੋਇਆ ਗੀਤ ‘SYL’ ਅੱਜ ਰਿਲੀਜ਼ ਹੋ ਗਿਆ। ਇਸ ਗੀਤ ਦੀ ਦੁਨੀਆ ਭਰ ’ਚ ਵਸਦੇ ਸਰੋਤਿਆਂ ਸਮੇਤ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਮੂਸੇਵਾਲਾ ਵੱਲੋਂ ਲਿਖੇ ਤੇ ਗਾਏ ਇਸ ਗੀਤ ’ਚ ਪੰਜਾਬ ਦੇ ਬਹੁਤ ਹੀ ਭਖ਼ਦੇ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਜਿਵੇਂ ਕਿ ਇਸ ਗੀਤ ਦੇ ਨਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ।
ਇਸ ਗੀਤ ਬਾਰੇ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ SYL ਗੀਤ ਦੀ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿਆਂਗੇ” ਵਾਲੀ ਲਾਈਨ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ ਕਿ ਪਾਣੀ ਕਿਸ ਨੂੰ ਨਹੀਂ ਦੇਣਾ ਹੈ? ਹਰਿਆਣਾ ਨੂੰ? ਇਸ ਲਾਈਨ ਨੂੰ ਸਮਝਣ ਲਈ ਸਾਨੂੰ ਸਾਡਾ ਪਿਛੋਕੜ ਅਤੇ ਹਰਿਆਣਾ ਦੇ ਦਿਓ, ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ‘ਚ ਹੀ ਪਰਿਵਾਰ ਇਕ ਕਰਨ ਨੂੰ ਕਹਿ ਰਹੇ ਹਨ ਤੇ ਇਸ ਦੀ ਅਗਲੀ ਲਾਈਨ ‘ਚ ਉਸ ਨੇ ਅੰਗਰੇਜ਼ੀ ਸ਼ਬਦ ‘Sovereignty’ ਦੀ ਵਰਤੋਂ ਕੀਤੀ ਹੈ। ਯਾਨੀ ਕਿ ਸਾਡਾ ਪਰਿਵਾਰ (ਸੂਬਾ) ਇਕ ਕਰ ਦਿਓ ਤੇ ਪ੍ਰਭੂਸੱਤਾ ਦੇ ਦਿਓ। ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ। ਇਸ ਗੀਤ ‘ਚ ਇਕ ਲਾਈਨ ਹੋਰ ਹੈ- “ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ, ਟੋਪੀ ਵਾਲਿਆ।” ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ, ਰਾਜਸਥਾਨ ਵਿੱਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਅਤੇ ਟੋਪੀ ਵਾਲੇ ਇਹ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ।