ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ਜੁੱਗ ਜੁੱਗ ਜੀਓ 24 ਜੂਨ ਨੂੰ ਰਿਲੀਜ ਹੋ ਰਹੀ ਹੈ, ਪਰ ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਕਰਨ ਜੌਹਰ ਦੀ ਫ਼ਿਲਮ ‘ਚ ਗੀਤਾਂ ਤੋਂ ਲੈ ਕੇ ਫ਼ਿਲਮ ਦੀ ਕਹਾਣੀ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ। ਹਾਲ ਹੀ ‘ਚ ਰਾਂਚੀ ਦੀ ਇੱਕ ਸਿਵਲ ਕੋਰਟ ਨੇ ਫ਼ਿਲਮ ‘ਤੇ ਕੌਪੀਰਾਈਟ ਮਾਮਲੇ ‘ਚ ਆਦੇਸ਼ ਦਿੱਤਾ ਹੈ। ਦਰਅਸਲ, ਰਾਂਚੀ ਸਿਵਲ ਕੋਰਟ ਦੀ ਕਮਰਸ਼ਲ ਅਦਾਲਤ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਸਕ੍ਰੀਨ ਕੀਤੀ ਜਾਵੇਗੀ।
ਪਟੀਸ਼ਨਰ ਵਿਸ਼ਾਲ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ‘ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਿਸ਼ਾਲ ਸਿੰਘ ਨੇ ਆਪਣੀ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ ਧਰਮਾ ਪ੍ਰੋਡਕਸ਼ਨਜ਼ ਨੇ ਉਸ ਦੀ ਕਹਾਣੀ ਚੋਰੀ ਕਰ ਕੇ ਜੁੱਗ ਜੁੱਗ ਜੀਓ ਨਾਂ ਦੀ ਫ਼ਿਲਮ ਬਣਾਈ ਹੈ। ਵਿਸ਼ਾਲ ਨੇ ਪੰਨੀ ਰਾਣੀ ਨਾਂ ਦੀ ਕਹਾਣੀ ਲਿਖੀ ਸੀ। ਇਸ ਦੌਰਾਨ ਉਸ ਦਾ ਸੰਪਰਕ ਧਰਮਾ ਪ੍ਰੋਡਕਸ਼ਨਜ਼ ਦੇ ਕ੍ਰਿਏਟਿਵ ਹੈੱਡ ਸੌਮੇਨ ਮਿਸ਼ਰਾ ਨਾਲ ਹੋਇਆ ਜਿਸ ਨਾਲ ਵਿਸ਼ਾਲ ਨੇ ਆਪਣੀ ਕਹਾਣੀ ਸਾਂਝੀ ਕੀਤੀ। ਧਰਮਾ ਪ੍ਰੋਡਕਸ਼ਨਜ਼ ਨੇ ਵੀ ਉਨ੍ਹਾਂ ਦੀ ਕਹਾਣੀ ‘ਤੇ ਫ਼ਿਲਮ ਬਣਾਉਣ ਦੀ ਗੱਲ ਕੀਤੀ ਸੀ, ਪਰ ਬਾਅਦ ‘ਚ ਪ੍ਰੋਡਕਸ਼ਨਜ਼ ਨੇ ਇਸ ਕਹਾਣੀ ਦਾ ਨਾਂ ਬਦਲ ਕੇ ਜੁੱਗ ਜੁੱਗ ਜੀਓ ਨਾਂ ਦੀ ਫ਼ਿਲਮ ਬਣਾ ਦਿੱਤੀ। ਵਿਸ਼ਾਲ ਨੇ ਫ਼ਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਅਤੇ ਇਸ ਦੇ ਨਾਲ ਹੀ 1.5 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਹੈ ਕਿ ਫ਼ਿਲਮ ਦੀ ਰਿਲੀਜ਼ ਕਰਨ ਤੋਂ ਪਹਿਲਾਂ ਇਸ ਦੀ ਸਕ੍ਰੀਨਿੰਗ ਅਦਾਲਤ ‘ਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਕੋਰਟ ਨੇ ਮਾਮਲੇ ‘ਚ ਆਦੇਸ਼ ਜਾਰੀ ਕਰਦੇ ਹੋਏ 21 ਜੂਨ ਨੂੰ ਅਦਾਲਤ ‘ਚ ਫ਼ਿਲਮ ਦੀ ਸਕ੍ਰੀਨਿੰਗ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਪਾਕਿਸਤਾਨੀ ਗਾਇਕ ਅਬਰਾਰ ਉਲ ਹਕ ਨੇ ਪੋਸਟਰ ਸਾਂਝਾ ਕਰ ਕੇ ਕਰਨ ਜੌਹਰ ‘ਤੇ ਉਨ੍ਹਾਂ ਦਾ ਗੀਤ ਚੋਰੀ ਹੋਣ ਦਾ ਦੋਸ਼ ਲਗਾਇਆ ਹੈ। ਅਬਰਾਰ ਨੇ ਲਿਖਿਆ, ”ਮੈਂ ਆਪਣਾ ਗੀਤ ਨੱਚ ਪੰਜਾਬਣ ਕਿਸੇ ਭਾਰਤੀ ਫ਼ਿਲਮ ਨੂੰ ਨਹੀਂ ਵੇਚਿਆ। ਮੈਂ ਅਧਿਕਾਰ ਰਾਖਵੇਂ ਰੱਖੇ ਹਨ ਤਾਂ ਜੋ ਮੈਂ ਹਰਜਾਨੇ ਲਈ ਅਦਾਲਤ ‘ਚ ਜਾ ਸਕਾਂ। ਕਰਨ ਜੌਹਰ ਵਰਗੇ ਨਿਰਮਾਤਾਵਾਂ ਨੂੰ ਗੀਤਾਂ ਦੀ ਕੋਪੀ ਨਹੀਂ ਕਰਨੀ ਚਾਹੀਦੀ। ਇਹ ਮੇਰਾ ਛੇਵਾਂ ਗੀਤ ਹੈ ਜਿਸ ਨੂੰ ਕੋਪੀ ਕੀਤਾ ਜਾ ਰਿਹਾ ਹੈ ਜਿਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਦੱਸ ਦੇਈਏ ਇਸ ਫ਼ਿਲਮ ‘ਚ ਵਰੁਣ ਧਵਨ, ਕਿਆਰਾ ਅਡਵਾਨੀ, ਨੀਤੂ ਕਪੂਰ ਅਤੇ ਅਨਿਲ ਕਪੂਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਟ੍ਰੇਲਰ ਅਤੇ ਗੀਤ ਰਿਲੀਜ਼ ਹੋ ਚੁੱਕੇ ਹਨ ਜਿਸ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।