ਅਸੀਂ ਸਾਰੇ ਤੁਹਾਡੇ ਬਿਨਾ ਕੀ ਕਰਾਂਗੇ? ਇਹ ਖ਼ਿਆਲ ਹੀ ਆਪਣੇ ਆਪ ‘ਚ ਬਹੁਤ ਚਿੰਤਾਜਨਕ ਹੈ। ਆਹਿਸਤਾ-ਆਹਿਸਤਾ ਪਰ ਅੰਤ ਨੂੰ, ਅਸੀਂ ਤੁਹਾਡੇ ‘ਤੇ ਨਿਰਭਰ ਕਰਨ ਲੱਗ ਪਏ ਹਾਂ। ਸਾਨੂੰ ਪਤੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਸੀਂ ਸਾਡੇ ਲਈ ਹਮੇਸ਼ਾ ਮੌਜੂਦ ਰਹੋਗੇ। ਸੋ, ਜੇ ਅਸੀਂ ਗ਼ਲਤੀਆਂ ਕਰ ਬੈਠੀਏ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜੇਕਰ ਸਾਡੇ ਫ਼ੈਸਲੇ ਕਮਜ਼ੋਰ ਨਿਕਲ ਆਉਣ, ਅਸੀਂ ਨਤੀਜੇ ਭੁਗਤਣ ਤੋਂ ਬੱਚ ਜਾਵਾਂਗੇ। ਜੇ ਅਸੀਂ ਖ਼ੁਦ ਨੂੰ ਮੁਸੀਬਤ ‘ਚ ਫ਼ਸਾ ਲਿਆ, ਤੁਸੀਂ ਸਾਨੂੰ ਉਸ ‘ਚੋਂ ਕੱਢ ਲਵੋਗੇ। ਇਹ ਤੁਹਾਡੀ ਸਾਡੇ ‘ਤੇ ਅਤਿਅੰਤ ਕਿਰਪਾ ਹੈ। ਪੱਕਾ ਨਾ, ਤੁਹਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ? ਕੀ ਤੁਹਾਨੂੰ ਇਸ ‘ਚੋਂ ਸਵਾਰਥੀਪੁਣੇ ਦੀ ਮਾੜੀ-ਮੋਟੀ ਬਦਬੂ ਵੀ ਨਹੀਂ ਆ ਰਹੀ? ਚੇਤੇ ਰੱਖੋ ਕਿ ਤੁਹਾਡੇ ਕੋਲ ਇਸ ਗੱਲ ਦਾ ਹੱਕ ਹੈ ਕਿ ਤੁਸੀਂ ਕਿਸੇ ਹੋਰ ਨੂੰ ਆਪਣਾ ਖ਼ੁਦ ਦਾ ਖਿਲਾਰਾ ਅਤੇ ਗੰਦ ਸਾਂਭਣ ਦਿਓ।

ਕਹਿੰਦੇ ਨੇ ਤੁਹਾਨੂੰ ਓਦੋਂ ਤਕ ਪਤਾ ਨਹੀਂ ਚੱਲ ਸਕਦਾ ਕਿ ਤੁਸੀਂ ਕੀ ਕਰਨ ਦੇ ਕਾਬਿਲ ਹੋ ਜਦੋਂ ਤਕ ਤੁਸੀਂ ਉਸ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਤੇ ਜੇਕਰ ਤੁਸੀਂ ਕੋਸ਼ਿਸ਼ ਨਹੀਂ ਕਰਦੇ? ਤੁਹਾਨੂੰ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੁਸੀਂ ਕੀ ਕਰ ਸਕਦੇ ਹੋ। ਪਰ ਜਦੋਂ ਤੁਸੀਂ ਕਿਸੇ ਅਜਿਹੀ ਚੁਣੌਤੀ ਨਾਲ ਦੋ-ਚਾਰ ਹੁੰਦੇ ਹੋ ਜਿਸ ‘ਚ ਬਹੁਤ ਕੁਝ ਦਾਅ ‘ਤੇ ਲੱਗਾ ਹੋਵੇ ਅਤੇ ਹਾਰਨ ਦੀ ਕੀਮਤ ਬਹੁਤ ਜ਼ਿਆਦਾ ਤਾਰਨੀ ਹੋਵੇ, ਉਪਰੋਕਤ ਸਲਾਹ ਖੋਖਲੀ ਜਿਹੀ ਲੱਗਣ ਲੱਗਦੀ ਹੈ। ਨਿਰਸੰਦੇਹ, ਤੁਹਾਨੂੰ ਆਪਣੀ ਕਿਸਮਤ ਮਾਹਿਰਾਂ ਦੇ ਹੱਥਾਂ ‘ਚ ਦੇ ਦੇਣੀ ਚਾਹੀਦੀ ਹੈ ਅਤੇ ਅਣਜਾਣ ਇਲਾਕਿਆਂ ਨੂੰ ਉਨ੍ਹਾਂ ਖੋਜੀਆਂ ਲਈ ਛੱਡ ਦੇਣਾ ਚਾਹੀਦੈ ਜਿਹੜੇ ਉਨ੍ਹਾਂ ਰਸਤਿਆਂ ਨੂੰ ਪਹਿਲਾਂ ਹੀ ਗਾਹ ਚੁੱਕੇ ਹੋਣ। ਪਰ, ਇਸ ਵਕਤ, ਤੁਹਾਡੇ ਤੋਂ ਛੁੱਟ ਹੋਰ ਕੋਈ ਵੀ ਇੱਕ ਖ਼ਾਸ ਰੋਲ ਨਹੀਂ ਨਿਭਾ ਸਕਦਾ ਅਤੇ ਨਾ ਹੀ ਉਹ ਇੱਕ ਮਹੱਤਵਪੂਰਣ ਭਾਵਨਾਤਮਕ ਚੋਣ ਕਰ ਸਕਦੇ ਨੇ। ਡਰੋ ਨਾ। ਤੁਸੀਂ ਉਸ ਨੂੰ ਚੰਗੀ ਤਰ੍ਹਾਂ ਨੇਪਰੇ ਚਾੜ੍ਹ ਲਵੋਗੇ।

ਚਮਤਕਾਰ ਹਰ ਵਕਤ ਵਾਪਰਦੇ ਰਹਿੰਦੇ ਨੇ। ਜੇ ਅਸੀਂ ਉਨ੍ਹਾਂ ਨੂੰ ਨੋਟਿਸ ਨਹੀਂ ਕਰਦੇ ਤਾਂ ਉਸ ਦਾ ਕਾਰਨ ਅਕਸਰ ਇਹ ਹੁੰਦੈ ਕਿ ਉਹ ਬਹੁਤ ਹੌਲੀ-ਹੌਲੀ ਵਾਪਰਦੇ ਨੇ। ਸਾਡੀ ਤਵੱਕੋ ਹੁੰਦੀ ਹੈ ਕਿ ਉਹ ਝਟਪਟ ਘਟਣ। ਕੁਦਰਤ, ਪਰ, ਹਰ ਕਾਰਜ ‘ਚ ਆਪਣੀ ਮਨਮਰਜ਼ੀ ਦਾ ਵਕਤ ਲੈਣ ਲਈ ਮਸ਼ਹੂਰ ਹੈ। ਉਹ ਪਹਾੜਾਂ ਦੀਆਂ ਗੁਫ਼ਾਵਾਂ ‘ਚ ਲਟਕਦੀਆਂ ਬਰਫ਼ੀਲੀਆਂ ਚੱਟਾਨਾਂ ਨੂੰ ਵਿਕਸਿਤ ਹੋਣ ਲਈ ਸਦੀਆਂ ਦਾ ਵਕਤ ਦੇ ਕੇ ਵੀ ਬਹੁਤ ਖ਼ੁਸ਼ ਹੈ। ਸੋ ਜਦੋਂ ਉਹ ਕਿਸੇ ਫੁੱਲ ਨੂੰ ਕੁਝ ਕੁ ਦਿਨਾਂ ‘ਚ ਹੀ ਖਿੜਾ ਦਿੰਦੀ ਹੈ, ਉਹ ਦਰਅਸਲ ਆਪਣੇ ਮਿਜਾਜ਼ ਨਾਲੋਂ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ‘ਤੇ ਕਾਰਜਸ਼ੀਲ ਹੋ ਰਹੀ ਹੁੰਦੀ ਹੈ। ਸਾਡੇ ਕੋਲ, ਪਰ, ਕੁਦਰਤ ਜਿੰਨਾ ਵਕਤ ਨਹੀਂ। ਸੋ ਅਸੀਂ ਬੇਚੈਨ ਹੋ ਜਾਂਦੇ ਹਾਂ ਅਤੇ ਫ਼ਿਰ ਜੀਵਨ ਦੀਆਂ ਸੌਗਾਤਾਂ ਨੂੰ ਦੇਖਣ ਤੋਂ ਵੀ ਅਸਮਰੱਥ ਰਹਿੰਦੇ ਹਾਂ। ਆਪਣੀ ਸਪੀਡ ਥੋੜ੍ਹੀ ਘੱਟ ਕਰੋ ਅਤੇ ਆਪਣੇ ਦਿਲ ਦੀ ਖ਼ੁਸ਼ੀ ਲਈ ਸਿਆਣੇ ਬਣੋ!

ਮੈਨੂੰ ਪਤੈ ਮੇਰੇ ਕੋਲੋਂ ਇਹ ਸੁਣ ਕੇ ਤੁਹਾਨੂੰ ਬਹੁਤ ਹੈਰਾਨੀ ਹੋ ਰਹੀ ਹੋਵੇਗੀ, ਪਰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਹਾਸਿਲ ਕਰਨਾ ਕਿ ਅੱਗੇ ਕੀ ਪਿਐ ਹਮੇਸ਼ਾ ਓਨਾ ਫ਼ਾਇਦੇਮੰਦ ਨਹੀਂ ਹੁੰਦਾ ਜਿੰਨੀ ਅਸੀਂ ਕਲਪਨਾ ਕਰਦੇ ਹਾਂ। ਜਦੋਂ ਅਸੀਂ ਇਸ ਬਾਰੇ ਬਹੁਤ ਜ਼ਿਆਦਾ ਜਾਣ ਲੈਂਦੇ ਹਾਂ ਕਿ ਸਾਡੀ ਕਿਸਮਤ ‘ਚ ਕੀ ਹੈ, ਅਸੀਂ ਵਰਤਮਾਨ ਨੂੰ ਆਪਣੀ ਮੁਕੰਮਲ ਸ਼ਕਤੀ ਦੇਣੀ ਬੰਦ ਕਰ ਦਿੰਦੇ ਹਾਂ। ਅਸੀਂ ਉਸ ਬਾਰੇ ਬਹੁਤ ਜ਼ਿਆਦਾ ਸੋਚਣ ਲੱਗ ਪੈਂਦੇ ਹਾਂ ਜੋ ਅੱਗੋਂ ਆਉਣ ਵਾਲਾ ਹੋ ਸਕਦੈ, ਪਰ ਜੇ ਅਸੀਂ ਕੋਈ ਠੋਸ ਕਦਮ ਚੁੱਕ ਕੇ ਕਿਸੇ ਪ੍ਰਕਿਰਿਆ ਦੇ ਨਤੀਜੇ ਬਦਲ ਨਾ ਸਕਦੇ ਹੋਈਏ ਤਾਂ ਫ਼ਿਰ ਉਸ ਬਾਰੇ ਜਾਣਨ ਦਾ ਵੀ ਕੀ ਫ਼ਾਇਦਾ। ਭਵਿੱਖ ਹਾਲੇ ਥੋੜ੍ਹਾ ਅੱਗੇ ਹੈ। ਜਦੋਂ ਤੁਸੀਂ ਉਸ ਤਕ ਅੱਪੜੋਗੇ, ਤੁਸੀਂ ਉਸ ਲਈ ਤਿਆਰ ਹੋਵੋਗੇ। ਬਿਹਤਰੀਨ ਨਤੀਜੇ ਹਾਸਿਲ ਕਰਨ ਲਈ, ਅੱਜ ‘ਚ ਜੀਣ ਦੀ ਕੋਸ਼ਿਸ਼ ਕਰੋ!

ਆਪਣੀ ਸ਼ਕਤੀ ਉਸ ਡੀਲ ਨੂੰ ਨੇਪਰੇ ਚਾੜ੍ਹਨ ‘ਚ ਲਗਾਓ ਜਿਸ ਲਈ ਸੌਦੇਬਾਜ਼ੀ ਕਰਨ ਦੀ ਲੋੜ ਹੈ, ਉਸ ਯੋਜਨਾ ‘ਚ ਨਿਵੇਸ਼ ਕਰਨ ‘ਚ ਲਗਾਓ ਜਿਸ ਨੂੰ ਬਣਾਉਣ ਦੀ ਲੋੜ ਹੈ ਜਾਂ ਉਸ ਪੇਚੀਦਾ ਸਥਿਤੀ ਦਾ ਹੱਲ ਕੱਢਣ ‘ਚ ਲਗਾਓ ਜਿਸ ਨੂੰ ਸਿੱਧਾ ਕਰਨ ਦੀ ਲੋੜ ਹੈ। ਖ਼ੁਦ ਨੂੰ ਪੂਰੇ ਜੋਸ਼ ਨਾਲ ਸਭ ਤੋਂ ਆਸ਼ਾਵਾਦੀ, ਸਾਕਾਰਾਤਮਕ ਕਾਰਵਾਈ ਦੀ ਯੋਜਨਾ ਤਿਆਰ ਕਰਨ ਲਈ ਕਿਰਿਆਸ਼ੀਲ ਕਰੋ। ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਕਿ ਨਾਮੁਮਕਿਨ ਕਿਸੇ ਵੀ ਤਰ੍ਹਾਂ ਸੰਭਵ ਹੈ। ਪਰ ਖ਼ੁਦ ਨੂੰ ਇਸ ਚੀਜ਼ ਦਾ ਹੱਕਦਾਰ ਜ਼ਰੂਰ ਸਮਝੋ ਕਿ ਤੁਹਾਡੇ ਜੀਵਨ ਵਿਚਲੇ ਮੌਜੂਦਾ ਨਾਟਕ ਨੂੰ ਤੁਸੀਂ ਇਸ ਗੱਲ ਦਾ ਵਾਅਦਾ ਸਮਝ ਸਕਦੇ ਹੋ ਕਿ ਵੱਡੀਆਂ ਮੁਸ਼ਕਿਲਾਂ ਨੂੰ ਵੀ ਹਰਾਇਆ ਜਾ ਸਕਦੈ ਬਸ਼ਰਤੇ ਤੁਸੀਂ ਲੋੜੀਂਦੀ ਕੋਸ਼ਿਸ਼ ਕਰਨ ਲਈ ਰਾਜ਼ੀ ਹੋਵੋ। ਤੁਹਾਨੂੰ ਬਦਲੇ ‘ਚ ਕੁਦਰਤ ਤੋਂ ਬਹੁਤ ਕੁਝ ਮਿਲਣ ਵਾਲਾ ਹੈ!