ਲਾਰੈਂਸ ਬਿਸ਼ਨੋਈ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਪੰਜਾਬ ਪੁਲਸ ਖੰਘਾਲਣ ਲੱਗੀ ਪੁਰਾਣਾ ਰਿਕਾਰਡ

ਜਲੰਧਰ/ਲੁਧਿਆਣਾ : ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਪੰਜਾਬ ਪੁਲਸ ਲਾਰੈਂਸ ਬਿਸ਼ਨੋਈ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਰੌਂਅ ਵਿੱਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਖ਼ਿਲਾਫ਼ ਤਿੰਨ ਹੋਰ ਮਾਮਲਿਆਂ ‘ਚ ਮੁਕੱਦਮਾ ਦਰਜ ਹੋ ਸਕਦਾ ਹੈ। ਪੰਜਾਬ ਪੁਲਸ ਲਾਰੈਂਸ ਦਾ ਪੁਰਾਣਾ ਰਿਕਾਰਡ ਖੰਘਾਲ ਰਹੀ ਹੈ ਅਤੇ ਜਲਦ ਹੀ ਉਸਦੇ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਾਰੈਂਸ ਨੂੰ ਲੰਮੇ ਸਮੇਂ ਲਈ ਪੰਜਾਬ ਪੁਲਸ ਦੀ ਗ੍ਰਿਫ਼ਤਾਰੀ ਵਿੱਚ ਰਹਿਣਾ ਪੈ ਸਕਦਾ ਹੈ।
ਸੂਤਰਾਂ ਅਨੁਸਾਰ ਪੰਜਾਬ ਪੁਲਸ ਫਰਵਰੀ 2021 ਵਿੱਚ ਫਰੀਦਕੋਟ ‘ਚ ਹੋਏ ਗੁਰਲਾਲ ਪਹਿਲਵਾਨ ਦੇ ਕਤਲ ਦੇ ਮਾਮਲੇ ਵਿੱਚ ਵੀ ਲਾਰੈਂਸ ਨੂੰ ਨਾਮਜ਼ਦ ਕਰ ਸਕਦੀ ਹੈ। ਗੁਰਲਾਲ ਪਹਿਲਵਾਨ ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਸੀ ਜਿਸ ਨੂੰ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਇਲਾਵਾ ਦੋ ਹੋਰ ਕਤਲ ਦੇ ਮਾਮਲਿਆਂ ਜਿਨ੍ਹਾਂ ਦੀ ਪੁਖਤਾ ਜਾਣਕਾਰੀ ਫ਼ਿਲਹਾਲ ਸਾਹਮਣੇ ਨਹੀਂ ਆਈ, ਵਿੱਚ ਵੀ ਲਾਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ। ਉਧਰ ਲਾਰੈਂਸ ਬਿਸ਼ਨੋਈ ਦਾ 7 ਦਿਨਾਂ ਦਾ ਰਿਮਾਂਡ ਵੀ ਅੱਜ ਖ਼ਤਮ ਹੋ ਰਿਹਾ ਹੈ ਜਿਸ ਦੇ ਚਲਦਿਆਂ ਉਸ ਨੂੰ ਸਖ਼ਤ ਸੁਰੱਖਿਆ ਹੇਠ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉੱਧਰ ਦਿੱਲੀ ਪੁਲਸ ਵਲੋਂ ਗੁਜਰਾਤ ਦੇ ਮੁੰਦਰਾ ਤੋਂ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਪੰਜਾਬ ਪੁਲਸ ਨੇ ਆਪਣੀਆਂ ਟੀਮਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਮਨੂੰ ਕੁੱਸਾ ਅਤੇ ਰੂਪਾ ਨੂੰ ਟਰੇਸ ਕਰਨ ’ਤੇ ਧਿਆਨ ਕੇਂਦਰਿਤ ਕਰਨ ਅਤੇ ਪੰਜਾਬ ਪੁਲਸ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਕੇਸ ਨੂੰ ਸੁਲਝਾਉਣ ਵੱਲ ਇੱਕ ਹੋਰ ਵੱਡਾ ਕਦਮ ਵਧਾਇਆ ਜਾ ਸਕੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਨੂੰ ਵੀ ਜਲਦੀ ਹੀ ਪੰਜਾਬ ਪੁਲਸ ਪੁੱਛਗਿੱਛ ਲਈ ਪੰਜਾਬ ਲੈ ਕੇ ਆ ਸਕਦੀ ਹੈ। ਸੋਮਵਾਰ ਨੂੰ ਦਿੱਲੀ ਪੁਲਸ ਨੇ ਸ਼ਾਰਪ ਸ਼ੂਟਰ ਪ੍ਰਿਯਵਰਤ ਉਰਫ ਫੌਜੀ (26), ਕਸ਼ਿਸ਼ (24) ਅਤੇ ਕੇਸ਼ਵ (29) ਨੂੰ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ ਦਿੱਲੀ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਸ ਜਲਦ ਹੀ ਇਨ੍ਹਾਂ ਨੂੰ ਪੰਜਾਬ ਪੁੱਛਗਿੱਛ ਲਈ ਲੈ ਕੇ ਆ ਸਕਦੀ ਹੈ। ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਸਿੱਧੂ ਕਤਲ ਕਾਂਡ ’ਚ ਸ਼ਾਮਲ ਹਨ, ਇਸੇ ਕਰਕੇ ਵਿਸ਼ੇਸ਼ ਟੀਮ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਮਾਨਸਾ ਪੁਲਸ ਇਨ੍ਹਾਂ ਨੂੰ ਪੰਜਾਬ ਲੈ ਕੇ ਆਵੇਗੀ।