ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ ਦੋ ਦਰਜਨ ਰੌਂਦ ਫਾਇਰ

ਤਰਨਤਾਰਨ – ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਬੀਤੀ ਰਾਤ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਡਰੋਨ ਨੂੰ ਖਦੇੜਨ ਲਈ ਬੀ.ਐੱਸ.ਐੱਫ ਵੱਲੋਂ ਕਰੀਬ ਦੋ ਦਰਜਨ ਰੌਂਦ ਫਾਇਰ ਅਤੇ ਦੋ ਇਲਿਮੀਨੇਸ਼ਨ ਬੰਬ ਵੀ ਚਲਾਏ ਗਏ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।
ਜਾਣਕਾਰੀ ਅਨੁਸਾਰ ਪਾਕਿਸਤਾਨ ਸਰਹੱਦ ਨਜ਼ਦੀਕ ਪੈਂਦੇ ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਓ.ਪੀ. ਵਾਂ ਤਾਰਾ ਸਿੰਘ ਦੇ ਪਿੱਲਰ ਨੰਬਰ ਇੱਕ ਸੌ ਚਾਲੀ ਬਟਾ ਦੋ ਵਿਖੇ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਵੱਲੋਂ ਸਰਹੱਦ ਨੂੰ ਪਾਰ ਕਰਦੇ ਹੋਏ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਡਰੋਨ ਨੂੰ ਖਦੇੜਨ ਲਈ ਕਰੀਬ ਦੋ ਦਰਜਨ ਰਾਊਂਡ ਫਾਇਰ ਕਰ ਦਿੱਤੇ ਗਏ।
ਜਵਾਨਾਂ ਦੇ ਇਸਦੇ ਨਾਲ ਹੀ ਦੋ ਇਲਿਮੀਨੇਸ਼ਨ ਬੰਬ ਵੀ ਚਲਾਏ ਗਏ। ਕੁਝ ਸਮੇਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਡਰੋਨ ਦੇ ਆਉਣ ਤੋਂ ਬਾਅਦ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਬੁੱਧਵਾਰ ਸਵੇਰ ਤੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।