ਨਵੀਂ ਦਿੱਲੀ- ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਜ਼ਮਾਨਤ ਨਹੀਂ ਮਿਲੀ ਸਕੀ ਹੈ। ਜੈਨ ਵਲੋਂ ਦਾਇਰ ਜ਼ਮਾਨਤ ਅਰਜ਼ੀ ਨੂੰ ਸ਼ਨੀਵਾਰ ਯਾਨੀ ਕਿ ਅੱਜ ਯਾਨੀ ਕਿ ਸ਼ਨੀਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਅਜਿਹੇ ’ਚ ਜੈਨ ਨੂੰ ਅਜੇ ਜੇਲ੍ਹ ’ਚ ਹੀ ਰਹਿਣਾ ਹੋਵੇਗਾ। ਦਿੱਲੀ ਸਰਕਾਰ ’ਚ ਸਿਹਤ ਮੰਤਰੀ ਜੈਨ ਦੇ ਵਕੀਲ ਵਲੋਂ 9 ਜੂਨ ਨੂੰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਜੈਨ ਅਤੇ ਈਡੀ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਮੰਗਲਵਾਰ ਨੂੰ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਅਦਾਲਤ ਨੇ ਜੈਨ ਨੂੰ ਜ਼ਮਾਨਤ ਨਾ ਦੇਣ ਦਾ ਆਪਣਾ ਫ਼ੈਸਲਾ ਸੁਣਾਇਆ।
ਦੱਸ ਦੇਈਏ ਕਿ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਅਪਰਾਧ ਧਾਰਾਵਾਂ ਤਹਿਤ 30 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੋਰਟ ਨੇ ਪਹਿਲਾਂ 9 ਜੂਨ ਤੱਕ ਅਤੇ ਫਿਰ 13 ਜੂਨ ਤੱਕ ਲਈ ਈਡੀ ਦੀ ਕਸਟਡੀ ’ਚ ਭੇਜ ਦਿੱਤਾ ਸੀ। 13 ਜੂਨ ਮਗਰੋਂ ਜੈਨ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਸੀ, ਫ਼ਿਲਹਾਲ ਜੈਨ ਜੇਲ੍ਹ ’ਚ ਹਨ।
ਓਧਰ ਈਡੀ ਨੇ ਦਾਅਵਾ ਕੀਤਾ ਹੈ ਕਿ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਪਰਿਵਾਰ ਅਤੇ ਹੋਰਾਂ ਦੇ ਖਿਲਾਫ ਇਸੇ ਤਰ੍ਹਾਂ ਦੇ ਛਾਪਿਆਂ ਦੌਰਾਨ 2.85 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਅਤੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਪੀਐੱਮਐੱਲਏ ਤਹਿਤ ਜੈਨ ਤੋਂ ਕਥਿਤ ਹਵਾਲਾ ਸੌਦਿਆਂ ਦੀ ਜਾਂਚ ਕਰ ਰਹੀ ਹੈ। ਅਪ੍ਰੈਲ ਵਿਚ, ਈਡੀ ਨੇ ਜਾਂਚ ਦੇ ਹਿੱਸੇ ਵਜੋਂ ਜੈਨ ਦੇ ਪਰਿਵਾਰ ਅਤੇ ਉਨ੍ਹਾਂ ਦੀ ਮਾਲਕੀ ਅਤੇ ਕੰਟਰੋਲ ਵਾਲੀਆਂ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ।