ਸਖ਼ਤ ਮਿਹਨਤ ਦਾ ਕੋਈ ਤੋੜ ਨਹੀਂ ਹੁੰਦਾ। ਜਾਂ ਫ਼ਿਰ ਲੋਕ ਅਜਿਹਾ ਕਹਿੰਦੇ ਨੇ। ਪਰ ਫ਼ਿਰ, ਉਹ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਨੇ। ਮੇਰਾ ਮਤਲਬ ਹੈ, ਜ਼ਰਾ ਇਸ ਬਾਰੇ ਸੋਚੋ, ਸ਼ਾਇਦ ਤਨਾਅ ਭਰਪੂਰ ਵਿਵਾਦਾਂ ਦਾ ਵੀ ਕੋਈ ਤੋੜ ਨਹੀਂ ਹੁੰਦਾ ਹੋਵੇ। ਪਰ ਇਹ ਕਿਸੇ ਵਿਵਾਦ ਨੂੰ ਸ਼ੁਰੂ ਕਰਨ ਦਾ ਕੋਈ ਬਹੁਤਾ ਵਧੀਆ ਕਾਰਨ ਨਹੀਂ। ਤੁਸੀਂ, ਜੇ ਚਾਹੋ ਤਾਂ, ਬਹੁਤ ਸਾਰੀ ਪ੍ਰਚੰਡ ਕੋਸ਼ਿਸ਼ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਰੋਕੇਗਾ ਨਹੀਂ, ਅਤੇ ਉਸ ਦੇ ਨਤੀਜੇ ਵੀ ਪ੍ਰਭਾਵਸ਼ਾਲੀ ਨਿਕਲਣਗੇ। ਪਰ ਜੇ ਹੁਣ ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਇਹ ਫ਼ੈਸਲਾ ਕਰ ਲਵੋ ਕਿ ਉਸ ਦੇ ਪਿੱਛੇ ਹੀ ਜਾਣੈ ਜਿਹੜਾ ਸੌਖਾ ਹੈ, ਜਿਹੜਾ ਸਹੀ ਮਹਿਸੂਸ ਹੁੰਦਾ ਹੈ ਅਤੇ ਕੁਦਰਤੀ ਹੈ, ਤੁਹਾਨੂੰ ਫ਼ਿਰ ਬਿਲਕੁਲ ਇੰਝ ਨਹੀਂ ਲੱਗੇਗਾ ਕਿ ਤੁਸੀਂ ਕਿਸੇ ਦੂਸਰੀ ਬਿਹਤਰ ਚੀਜ਼ ਲਈ ਸਮਝੌਤਾ ਕਰ ਬੈਠੇ ਹੋ।

ਅਸੀਂ ਸਾਰਾ ਦਿਨ, ਹਰ ਸਮੇਂ ਤਬਦੀਲੀਆਂ ਨਹੀਂ ਵਰਤਾਉਂਦੇ ਰਹਿ ਸਕਦੇ। ਕੁਝ ਚੀਜ਼ਾਂ ਨੂੰ ਉਨ੍ਹਾਂ ਦੀ ਹਾਲਤ ‘ਤੇ ਹੀ ਛੱਡਣਾ ਪੈਂਦੈ, ਘੱਟਘੱਟ ਕੁਝ ਚਿਰ ਲਈ। ਜੇ, ਪਰ, ਅਸੀਂ ਕਿਸੇ ਸਥਿਤੀ ਨੂੰ ਚੁਣੌਤੀ ਨਹੀਂ ਦੇਵਾਂਗੇ ਅਤੇ ਉਸ ਨੂੰ ਜਿਓਂ ਦਾ ਤਿਓਂ ਹੀ ਬਰਕਰਾਰ ਰੱਖਾਂਗੇ, ਸਭ ਕੁਝ ਪੀਲਾ ਅਤੇ ਫ਼ਿੱਕਾ ਪੈ ਜਾਵੇਗਾ। ਰਿਧਮਾਂ ਨਾਲ ਸਾਡਾ ਹੌਸਲਾ ਅਤੇ ਭਰੋਸਾ ਵੱਧ ਸਕਦੈ, ਪਰ ਰੂਟੀਨਾਂ ਸੀਮਿਤਕਾਰੀ ਹੁੰਦੀਆਂ ਹਨ। ਤੁਸੀਂ ਆਪਣੀ ਵਫ਼ਾਦਾਰੀ, ਲਗਾਤਾਰਤਾ ਅਤੇ ਵਚਨਬੱਧਤਾ ਲਈ ਮਸ਼ਹੂਰ ਹੋ। ਤੁਸੀਂ ਕਿਸੇ ਵਿਅਕਤੀ, ਜਾਂ ਚੀਜ਼, ਲਈ ਕਾਫ਼ੀ ਲੰਬਾ ਅਰਸਾ ਡਟੇ ਰਹਿ ਸਕਦੇ ਹੋ, ਇਸ ਤੋਂ ਪਹਿਲਾਂ ਕਿ ਤੁਹਾਨੂੰ ਆਪਣੇ ਲਈ ਕੋਈ ਹੋਰ ਵਿਕਲਪ ਲੱਭਣ ਦੀ ਲੋੜ ਮਹਿਸੂਸ ਹੋਣ ਲੱਗੇ। ਅਜਿਹਾ ਕਰਨ ਦੀ ਤੁਹਾਡੀ ਮੌਜੂਦਾ ਇੱਛਾ ‘ਚ ਅਸਥਿਰਤਾ ਜਾਂ ਡਾਵਾਂਡੋਲਤਾ ਵਾਲੀ ਕੋਈ ਗੱਲ ਨਹੀਂ। ਇਹ ਇੱਕ ਸਿਆਣੀ ਉਮੰਗ ਹੈ।

ਕੁਝ ਲੋਕ ਔਖੇ ਤਰੀਕੇ ਨਾਲ ਚੀਜ਼ਾਂ ਕਰਨੀਆਂ ਪਸੰਦ ਕਰਦੇ ਨੇ। ਜਦੋਂ ਉਨ੍ਹਾਂ ਕੋਲ ਸਾਈਕਲ ਚਲਾਉਣ ਦਾ ਮੌਕਾ ਹੁੰਦੈ, ਉਹ ਤੁਰਨਾ ਪਸੰਦ ਕਰਦੇ ਨੇ। ਜਦੋਂ ਉਹ ਗੱਡੀ ਚਲਾ ਸਕਦੇ ਨੇ, ਉਹ ਸਾਈਕਲ ਚਲਾਉਣ ਨੂੰ ਤਰਜੀਹ ਦਿੰਦੇ ਨੇ। ਜਦੋਂ ਉਹ ਰੇਲ ਗੱਡੀ ਲੈ ਸਕਦੇ ਹਨ, ਉਹ ਗੱਡੀ ਚਲਾਉਣ ਦਾ ਫ਼ੈਸਲਾ ਕਰ ਲੈਂਦੇ ਨੇ। ਜਦੋਂ ਉਹ ਹਵਾਈ ਜਹਾਜ਼ ‘ਚ ਉਡਾਣ ਭਰ ਸਕਦੇ ਹੋਣ, ਉਹ ਰੇਲ ਗੱਡੀ ‘ਚ ਸਵਾਰ ਹੋ ਬੈਠਦੇ ਨੇ। ਜਦੋਂ ਉਹ ਕੇਵਲ ਇਹ ਫ਼ੈਸਲਾ ਕਰ ਕੇ ਘਰੇ ਬੈਠ ਸਕਦੇ ਹੋਣ ਕਿ ਉਨ੍ਹਾਂ ਨੂੰ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ, ਉਹ ਜਹਾਜ਼ ਫ਼ੜ ਕੇ ਉਡਾਰੀ ਮਾਰ ਜਾਂਦੇ ਨੇ! ਸੌਖੀ ਚੋਣ ਹਮੇਸ਼ਾ ਉਪਲਬਧ ਹੁੰਦੀ ਹੈ – ਜਾਂ ਘੱਟੋਘੱਟ ਅਜਿਹੀ ਚੋਣ ਜਿਹੜੀ ਕਾਗ਼ਜਾਂ ‘ਚ ਸੌਖੀ ਲੱਗਦੀ ਹੈ। ਸੌਖ, ਪਰ, ਸਾਡੀ ਹੋਂਦ ਦੀ ਕਾਇਮੀ ਲਈ ਸਭ ਕੁਝ ਨਹੀਂ। ਆਪਣੇ ਪ੍ਰੇਮ ਜੀਵਨ ‘ਚ ਇਸ ਵਕਤ ਤੁਸੀਂ ਜੋ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਸ ‘ਚ ਗਹਿਰਾਈ, ਪੇਚੀਦਗੀ ਅਤੇ ਖ਼ਾਸੀਅਤ ਸ਼ਾਮਿਲ ਹਨ। ਇਸ ਲਈ ਥੋੜ੍ਹੀ ਕੋਸ਼ਿਸ਼ ਕੀਤੀ ਜਾਣੀ ਬਣਦੀ ਹੈ।

ਜੇਕਰ ਸਮੇਂ-ਸਮੇਂ ‘ਤੇ ਚੀਜ਼ਾਂ ਹੌਲੀਆਂ ਨਾ ਹੁੰਦੀਆਂ, ਅਸੀਂ ਉਨ੍ਹਾਂ ਨੂੰ ਮੁੜ ਰਫ਼ਤਾਰ ਫ਼ੜਦੇ ਦੇਖਣ ਦੇ ਰੋਮਾਂਚ ਤੋਂ ਵਾਂਝੇ ਰਹਿ ਜਾਂਦੇ। ਜੇ ਪਾਈਪਾਂ (ਅਤੇ ਪ੍ਰਕਿਰਿਆਵਾਂ) ਕਦੇ ਬਲੌਕ ਜਾਂ ਬੰਦ ਨਾ ਹੁੰਦੀਆਂ, ਸਾਨੂੰ ਇਹ ਕਦੇ ਵੀ ਪਤਾ ਨਾ ਚੱਲਦਾ ਕਿ ਕਿਸੇ ਤੇਜ਼, ਅਰੁੱਕ ਪ੍ਰਵਾਹ ਨੂੰ ਵਹਿੰਦੇ ਦੇਖਣ ਦਾ ਆਨੰਦ ਕੀ ਹੁੰਦੈ। ਇਸ ਦਾ ਵੀ ਇੱਕ ਕਾਰਨ ਹੈ ਕਿ ਤੁਹਾਡੀ ਜ਼ਿੰਦਗੀ ਅਟਕੀ ਹੋਈ ਜਾਂ ਬਹੀ ਕਿਉਂ ਹੈ। ਅਜਿਹਾ ਇਸ ਲਈ ਤਾਂ ਕਿ ਤੁਸੀਂ ਉਸ ਵਿੱਚ ਹੁਣ ਨਵਾਂ ਜੀਵਨ ਫ਼ੂਕਣ ਦਾ ਮਜ਼ਾ ਲੈ ਸਕੋ। ਪਹਿਲਾਂ, ਤੁਹਾਨੂੰ ਇਹ ਦੇਖਣਾ ਪੈਣੈ ਕਿ ਤੁਸੀਂ ਉੱਥੇ ਕਿਵੇਂ ਅੱਪੜੇ ਜਿੱਥੇ ਤੁਸੀਂ ਨਹੀਂ ਸੀ ਹੋਣਾ ਚਾਹੁੰਦੇ। ਫ਼ਿਰ ਤੁਸੀਂ ਖ਼ੁਦ ਨੂੰ ਤੇਜ਼ੀ ਨਾਲ ਚਿਰ ਤੋਂ ਪੈਂਡਿੰਗ ਪਈ ਤਬਦੀਲੀ ਵੱਲ ਅੱਗੇ ਵੱਧਾ ਸਕਦੇ ਹੋ।

ਸਾਡੇ ਵਿਚਾਰ ਵਕਤ ਅਤੇ ਸਮਝ ਦੀ ਡੂੰਘਾਈ ਨਾਲ ਬਦਲਦੇ ਰਹਿੰਦੇ ਹਨ। ਅਸੀਂ ਸਿੱਖਦੇ ਹਾਂ, ਅਸੀਂ ਹਜ਼ਮ ਕਰਦੇ ਹਾਂ, ਅਸੀਂ ਸਿਆਣੇ ਹੁੰਦੇ ਹਾਂ ਅਤੇ ਵਧੇਰੇ ਤਜਰਬੇਕਾਰ ਵੀ। ਕੱਲ੍ਹ ਦੀਆਂ ਖਿੱਝਾਂ ਅੱਜ ਦਾ ਮਨੋਰੰਜਨ ਬਣ ਜਾਂਦੀਆਂ ਹਨ। ਅਤੀਤ ਦੇ ਵਿਆਕੁਲ ਕਰਨ ਵਾਲੇ ਭੈਅ ਵਰਤਮਾਨ ਦੀਆਂ ਪ੍ਰਵਾਨਿਤ ਸੱਚਾਈਆਂ ਬਣ ਜਾਂਦੀਆਂ ਹਨ। ਸਾਡੇ ਸਵਾਦ ਵੀ ਸਾਡੀਆਂ ਤਰਜੀਹਾਂ ਦੇ ਨਾਲ ਬਦਲਦੇ ਨੇ। ਇਹ ਨੌਰਮਲ ਹੈ। ਕੁਦਰਤੀ ਅਤੇ ਸਿਹਤਮੰਦ ਵੀ। ਧਾਰਣਾ ਸ਼ਕਤੀ ਵਾਲੇ ਲੋਕ ਹੀ ਦ੍ਰਿੜ ਨਿਸ਼ਚੇ ਨਾਲ ਅਟੱਲ ਰਹਿੰਦੇ ਨੇ। ਤਬਦੀਲੀ ਲਈ ਉਸ ਤਰ੍ਹਾਂ ਮੁਆਫ਼ੀ ਨਾ ਮੰਗੋ ਜਿਵੇਂ ਤੁਹਾਨੂੰ ਉਹ ਮਹਿਸੂਸ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਉਹ ਤੁਹਾਡੀ ਭਾਵਨਾਤਮਕ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ। ਉਸ ਦਾ ਜਸ਼ਨ ਮਨਾਓ!