US ’ਚ ਬਣੇਗਾ ਭਾਰਤੀ-ਅਮਰੀਕੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਮਿਊਜ਼ੀਅਮ

ਵਾਸ਼ਿੰਗਟਨ (ਅਜੀਤ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਨੈਸ਼ਨਲ ਮਿਊਜ਼ੀਅਮ ਔਫ਼ ਏਸ਼ੀਅਨ ਪੈਸੇਫ਼ਿਕ ਅਮੈਰੀਕਨ ਹਿਸਟਰੀ ਐਂਡ ਕਲਚਰ ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ਣ ਲਈ ਇੱਕ ਬਿੱਲ ’ਤੇ ਦਸਤਖ਼ਤ ਕੀਤੇ ਹਨ। ਇਸ ਮਿਊਜ਼ੀਅਮ ’ਚ ਭਾਰਤੀ-ਅਮਰੀਕੀਆਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਪ੍ਰਦਰਿਸ਼ਤ ਕੀਤਾ ਜਾਏਗਾ।

ਬਿੱਲ ’ਤੇ ਦਸਤਖ਼ਤ ਕਰਨ ਤੋਂ ਬਾਅਦ ਬਾਇਡਨ ਨੇ ਕਿਹਾ, “ਮੈਂ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨ ’ਤੇ ਦਸਤਖ਼ਤ ਕਰ ਕੇ ਅਤੇ ਇੱਥੇ ਵਾਸ਼ਿੰਗਟਨ DC ’ਚ ਨੈਸ਼ਨਲ ਮਿਊਜ਼ੀਅਮ ਔਫ਼ ਏਸ਼ੀਅਨ ਪੈਸੇਫ਼ਿਕ ਅਮੈਰੀਕਨ ਹਿਸਟਰੀ ਐਂਡ ਕਲਚਰ ਦੀ ਸਥਾਪਨਾ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।”ਇਸ ਇਤਿਹਾਸਕ ਪਲ ’ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰੌਮਿਲਾ ਜੈਪਾਲ, ਅਜੈ ਜੈਨ ਭੂਟੋਰੀਆ, ਕਮਲ ਕਲਸੀ ਵਰਗੇ ਉੱਘੇ ਭਾਰਤੀ-ਅਮਰੀਕੀ ਵੀ ਇਸ ਮੌਕੇ ਮੌਜੂਦ ਸਨ। ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ 19 ਸਾਲ ਦੀ ਸੀ ਜਦੋਂ ਉਹ ਬ੍ਰੈੱਸਟ ਕੈਂਸਰ ਦਾ ਅਧਿਐਨ ਕਰਨ ਲਈ ਭਾਰਤ ਤੋਂ ਅਮਰੀਕਾ ਆਈ ਸੀ।

ਉਨ੍ਹਾਂ ਕਿਹਾ, “ਸਾਡਾ ਪਾਲਣ ਪੋਸ਼ਣ ਕਰਦੇ ਸਮੇਂ ਮੇਰੀ ਮਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਮੇਰੀ ਭੈਣ ਮਾਇਆ ਅਤੇ ਮੈਂ ਅਮਰੀਕਾ ’ਚ ਏਸ਼ੀਆਈ ਅਮਰੀਕੀਆਂ, ਹਵਾਈ ਦੇ ਮੂਲ ਨਿਵਾਸੀਆਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੇ ਮਹੱਤਵਪੂਰਨ ਸ਼ਾਨਦਾਰ ਇਤਿਹਾਸ ਬਾਰੇ ਜਾਣ ਸਕੀਏ।”ਉਨ੍ਹਾਂ ਕਿਹਾ, “ਇਸ ਇਤਿਹਾਸ ਨੂੰ ਸਾਂਝਾ ਕਰਨ ਨਾਲ ਸਾਨੂੰ ਸਾਰਿਆਂ ਨੂੰ ਅਮਰੀਕੀ ਹੋਣ ਦੇ ਨਾਤੇ ਇਹ ਜਾਣਨ ’ਚ ਮਦਦ ਮਿਲਦੀ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕੌਣ ਹਾਂ। ਨੈਸ਼ਨਲ ਮਿਊਜ਼ੀਅਮ ਔਫ਼ ਏਸ਼ੀਅਨ ਪੈਸੇਫ਼ਿਕ ਅਮੈਰੀਕਨ ਹਿਸਟਰੀ ਐਂਡ ਕਲਚਰ ਸਾਡੇ ਦੇਸ਼ ਦੇ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਬਿਆਨ ਕਰੇਗਾ।”