ਵਿਨੀ ਯਾਰ, ਕਿੱਥੇ ਹੈਂ ਤੂੰ?

ਡਾਇਰੀ ਦਾ ਪੰਨਾ – 1

ਨਿੰਦਰ ਘੁਗਿਆਣਵੀ

91-94174-21700

ਆਹ ਜਿਹੜੀ ਫ਼ੋਟੋ ਵਿਨੀ ਬੈਂਸ ਨਾਲ ਤੁਸੀਂ ਦੇਖ ਰਹੇ ਹੋ, ਇਹ ਮੇਰੀ ਪਹਿਲੀ ਕੈਨੇਡਾ ਫ਼ੇਰੀ ਸਮੇਂ 2001 ਦੀ ਹੈ, ਭਾਵ ਕਿ 21 ਸਾਲ ਪੁਰਾਣੀ। ਓਦੋਂ ਹੀ ਮੈਂ ਬੈਂਸ ਪਰਿਵਾਰ ਨੂੰ ਟੋਰੌਂਟੋ ਪਹਿਲੀ ਵਾਰੀ ਮਿਲਿਆ ਸਾਂ। ਕੱਲ੍ਹ-ਪਰਸੋਂ ਫ਼ੋਨ ਦੀ ਫ਼ੋਟੋ ਗੈਲਰੀ ਫ਼ਰੋਲਦਿਆਂ ਇਹ ਫ਼ੋਟੋ ਆ ਸਾਕਾਰ ਹੋਈ ਅਤੇ ਦੇਖਦਿਆਂ ਹੀ ਅੱਖਾਂ ਭਰ ਆਈਆਂ। ਵਿਨੀ ਬੜਾ ਚੇਤੇ ਆਇਆ। ਮੇਰੇ ਮੂੰਹੋਂ ਨਿਕਲਿਆ, “ਵਿਨੀ ਯਾਰ, ਕਿੱਥੇ ਹੈਂ ਤੂੰ? “ਚੇਤੇ ਤਾਂ ਉਸ ਦਾ ਸਾਰਾ ਪਰਿਵਾਰ ਹੀ ਆਉਂਦਾ ਰਹਿੰਦਾ ਹੈ। ਉਸ ਦੇ ਪਿਤਾ ਡਾ.ਪ੍ਰਫ਼ੈਸਰ ਦਰਸ਼ਨ ਸਿੰਘ ਕਦੇ ਭੁੱਲੇ ਹੀ ਨਹੀਂ, ਦਸ ਵਰੇ ਬੀਤ ਚੱਲੇ ਨੇ ਉਨਾਂ ਨੂੰ ਵਿਛੜਿਆਂ। ਮੇਰੇ ਪਿਤਾ ਜੀ ਅਤੇ ਉਹ ਇਕੱਠੇ ਜਿਹੇ ਈ ਵਿੱਛੜੇ ਸਨ, ਅੱਗੜ-ਪਿੱਛੜ। ਮੈਨੂੰ ਯਾਦ ਹੈ ਕਿ ਪਹਿਲੀ ਮਿਲਣੀ ’ਚ ਹੀ ਵਿਨੀ ਮੈਨੂੰ ਆਪਣੇ ਪਿਤਾ ਜੀ, ਮਾਤਾ ਕੰਵਲਜੀਤ ਕੌਰ ਅਤੇ ਵੱਡੇ ਭਰਾ ਸਨੀ ਬੈਂਸ ਵਾਂਗ ਮੋਹ ਨਾਲ ਘੁੱਗੀ ਆਖ ਕੇ ਬੁਲਾਉਣ ਲੱਗ ਪਿਆ ਸੀ ਅਤੇ ਲੋਕਾਂ ’ਚ ਖਲੋਤਾ ਉਹ ਆਦਰ ਵਜੋਂ ਨਿੰਦਰ ਜੀ ਆਖ ਕੇ ਬੁਲਾਉਂਦਾ। ਟੋਰੌਂਟੋ ਮੈਂ ਓਦੋਂ ਦੋ ਮਹੀਨੇ ਰਿਹਾ ਅਤੇ ਉਸ ਨੇ ਮੈਨੂੰ ਸਾਰੀ ਟੋਰੌਂਟੋ ਹੀ ਵਿਖਾ ਦਿੱਤੀ ਸੀ ਪਹਿਲੀ ਗੇੜੀ ਸਮੇਂ। ਬੜਾ ਘੁੰਮਾਇਆ। ਅਸੀਂ ਹਸਦੇ ਖੇਡਦੇ, ਮਸਖਰੀਆਂ ਕਰਦੇ, ਖਾਂਦੇ ਪੀਂਦੇ ਫ਼ਿਰਦੇ ਰਹਿੰਦੇ। ਇੱਕ ਦਿਨ ਮੈਂ ਆਖਿਆ, “ਯਾਰ, ਕਦੀ ਘਰੇ ਵੀ ਬਹਿਣ ਦਿਆ ਕਰ ਮੈਨੂੰ।”ਉਹ ਬੋਲਿਆ, “ਇੰਡੀਆ ਘਰੇ ਈ ਤਾਂ ਬੈਠਾ ਰਹਿੰਨਾ ਏਂ ਘੁੱਗੀ, ਉਡਾਰੀਆਂ ਮਾਰ ਉਡਾਰੀਆਂ ਤੂੰ।”

ਇੱਕ ਆਥਣ, ਹਰਭਜਨ ਮਾਨ ਦੇ ਸਹੁਰਾ ਸਾਹਿਬ ਮਾਸਟਰ ਹਰਚਰਨ ਸਿੰਘ ਰਾਮੂਵਾਲੀਏ ਦਾ ਫ਼ੋਨ ਆਇਆ, ਵਿਨੀ ਕੇ ਘਰ ਵਾਲੇ ਫ਼ੋਨ ’ਤੇ। ਵਿਨੀ ਨੂੰ ਆਖਣ ਲੱਗੇ, “ਮੈਂ ਲੈਣ ਆਉਣਾ ਨਿੰਦਰ ਨੂੰ, ਬਥੇਰੇ ਦਿਨ ਹੋਗੇ ਆ ਥੋਡੇ ਘਰੇ ਆਏ ਨੂੰ, ਸਾਡਾ ਮੁੰਡਾ ਮੋੜੋ ਸਾਨੂੰ ਹੁਣ।”ਵਿਨੀ ਢਿੱਲਾ ਜਿਹਾ ਮੂੰਹ ਬਣਾ ਕੇ ਮੇਰੇ ਕਮਰੇ ’ਚ ਆਇਆ ਅਤੇ ਆਖਣ ਲੱਗਿਆ, “ਤੈਨੂੰ ਮਾਸਟਰ ਜੀ ਲੈਣ ਆ ਰਹੇ ਆ, ਮੈਂ ਨੀ ਜਾਣ ਦੇਣਾ, ਉਨਾਂ ਨੂੰ ਕੋਈ ਬਹਾਨਾ ਲਾ ਦੇ, ਏਥੋਂ ਜਾਣਾ ਨਹੀਂ ਤੂੰ, ਸੁਣਦਾ ਏਂ ਗੱਲ ਮੇਰੀ? ਨਹੀਂ ਤੇ ਆਪਣੀ ਕੱਟੀ ਏ ਅੱਜ ਤੋਂ ਮਿੱਤਰਾ।”ਇਹ ਆਖ ਉਹ ਮੇਰੇ ਵੱਲ ਬਿਨਾਂ ਦੇਖੇ ਚਲਾ ਗਿਆ। ਮਾਸਟਰ ਜੀ ਘੰਟੇ ਕੁ ਬਾਅਦ ਆ ਗਏ। ਗੈੱਸਟ ਰੂਮ ’ਚ ਬੈਠੇ ਦੱਸਣ ਲੱਗੇ, “ਅੱਜ ਆਪਣੇ ਖ਼ਾਸ ਖ਼ਾਸ ਰਿਸ਼ਤੇਦਾਰ ਇਕੱਠੇ ਹੋ ਰਹੇ ਆ, ਤੇਰੇ ਆਉਣ ਕਰ ਕੇ, ਪਾਰਟੀ ਰੱਖੀ ਆ, ਚੱਲ ਨਾਲੇ ਤੈਨੂੰ ਵਧੀਆ ਜਿਹੀ ਪੈਂਟ-ਸ਼ਰਟ ਲੈ ਦੇਵਾਂ, ਸੋਹਣਾ ਬਣ ਕੇ ਜਾਣਾ ਐਂ ਪਾਰਟੀ ’ਚ।”

ਮੈਂ ਸ਼ਸ਼ੋਪੰਜ ’ਚ ਪੈ ਗਿਆ। ਵਿਨੀ ਤੋਂ ਛੁੱਟੀ ਕਿਵੇਂ ਲਵਾਂ ਹੁਣ? ਆਪਣਾ ਬੈਗ ਚੁੱਕਣ ਦੇ ਬਹਾਨੇ ਵਿਨੀ ਕੋਲ ਦੱਸਣ-ਪੁੱਛਣ ਗਿਆ। ਉਹਦਾ ਕਮਰਾ ਬਾਹਰੋਂ ਲੱਗਾ ਹੋਇਆ ਸੀ। ਫ਼ੋਨ ਘੁਮਾਇਆ, ਰਿੰਗ ਜਾਂਦੀ ਰਹੀ, ਨਹੀਂ ਚੁੱਕਿਆ। ਬਾਰੀ ਵਿਚਦੀ ਬਾਹਰ ਵੇਖਿਆ, ਉਸ ਦੀ ਕਾਰ ਨਹੀਂ ਸੀ ਖਲੋਤੀ ਹੋਈ। ਮੈਂ ਮਾਸਟਰ ਜੀ ਨਾਲ ਤੁਰ ਪਿਆ। ਸੋਚਾਂ ਕਿ ਲਗਦੈ ਵਿਨੀ ਗੁੱਸੇ ਹੋ ਗਿਐ। ਕੋਈ ਨਾ, ਆ ਕੇ ਮਨਾ ਹੀ ਲਵਾਂਗਾ, ਉਹ ਕੇਹੜਾ ਮੈਥੋਂ ਬਾਹਰਾ ਹੈ।

****

ਵਿਨੀ ਜਜ਼ਬਾਤੀ ਬਹੁਤ ਸੀ ਅਤੇ ਦਿਲ ਦਾ ਸਾਫ਼ ਸੀ। ਮਿਲਾਪੜਾ ਆਪਣੇ ਪਿਓ ਵਾਂਗ ਸੀ। ਪਲ ’ਚ ਈ ਹਰੇਕ ਨਾਲ ਰਚ ਮਿਚ ਜਾਣ ਵਾਲਾ। ਆਏ ਗਏ ਦੀ ਟਹਿਲ ਸੇਵਾ ਕਰਨੀ ਕੋਈ ਸਿੱਖੇ ਤਾਂ ਵਿਨੀ ਤੋਂ ਸਿੱਖੇ। ਮਹਿਮਾਨਾਂ ਦੇ ਮੂੰਹ ’ਚ ਬੁਰਕੀਆਂ ਪਾਉਂਦਾ। ਘਰੇ ਕੋਈ ਆ ਜਾਏ ਸਹੀ, ਉਹਦੇ ਪੱਬ ਭੁੰਜੇ ਨਾ ਲਗਦੇ, ਉਡਿਆ ਫ਼ਿਰਦਾ। ਮੇਰਾ ਟੋਰੌਂਟੋ ਜਿਥੇ ਕਿਤੇ ਵੀ ਕੋਈ ਸਮਾਗਮ ਜਾਂ ਪਾਰਟੀ ਵਗੈਰਾ ਹੁੰਦੀ, ਉਹ ਨਾਲ ਲੈ ਕੇ ਜਾਂਦਾ ਅਤੇ ਨਾਲ ਈ ਮੋੜ ਲੈ ਆਉਂਦਾ। ਖ਼ੈਰ! ਮੈਂ ਤਿੰਨ ਦਿਨ ਮਾਸਟਰ ਜੀ ਘਰ ਰਹਿ ਕੇ ਵਿਨੀ ਕੇ ਅਖ਼ਬਾਰ ਦੇ ਦਫ਼ਤਰ ਆਇਆ। ਉਹ ਆਪਣੇ ਕਮਰੇ ’ਚ ਬੈਠਾ ਲੈਪ ਟੌਪ ’ਤੇ ਤੇਜ਼ ਤੇਜ਼ ਉਂਗਲਾਂ ਮਾਰਦਾ ਕੁੱਝ ਟਾਈਪ ਕਰੀ ਜਾਂਦਾ ਸੀ। ਪੋਲੀਆਂ ਪੋਲੀਆਂ ਥਪੇੜੀਆਂ ਜਿਹੀਆਂ ਮਾਰੀ ਜਾਵੇ ਅਤੇ ਆਖੇ, “ਜਾਹ ਜਾਹ, ਮਾਸਟਰ ਜੀ ਕੇ ਜਾਹ, ਅਸੀਂ ਨੀ ਰੱਖਣਾ, ਜਾਹ ਜਾਹ।”ਫ਼ਿਰ ਘੁਟ ਕੇ ਜੱਫ਼ੀ ਪਾ ਲਈ, “ਘੁੱਗੀ ਵੀਰ, ਦਿਲ ਨੀ ਸੀ ਲਗਦਾ ਯਾਰ, ਚੰਗਾ ਹੋਇਆ ਤੂੰ ਆ ਗਿਆ ਏਂ।”

ਮੈਂ ਦੱਸਿਆ, “ਅਗਲੇ ਹਫ਼ਤੇ ਵੈਨਕੂਵਰ ਚਲੇ ਜਾਣਾ ਆਂ ਮੈਂ, ਮਹੀਨਾ ਰਹਿਣਾ ਉੱਥੇ।”ਉਹਨੇ ਰੋਸ ਨਾਲ ਬੁੱਲ ਮੀਚੇ, “ਯਾਰ ਜਾਹ ਫ਼ਿਰ, ਐਥੇ ਕੀ ਲੈਣ ਆਇਆ ਏਂ, ਜਾਹ ਪਹਿਲਾਂ ਵੈਨਕੂਵਰ ਈ ਜਾ ਤੂੰ, ਵੱਡਾ ਚੀਫ਼ ਗੈੱਸਟ ਤੂੰ।”ਮੈਂ ਆਖਿਆ, “ਆਹ ਵੇਖ ਵਿਨੀ, ਮਾਸਟਰ ਜੀ ਨੇ ਮੇਰੀ ਜੇਬ੍ਹ ਤੱਤੀ ਕਰਵਾਤੀ ਆ, ਆਹ ਵੇਖ ਡਾਲਰ ਦਿਲਵਾਏ ਰਿਸ਼ਤੇਦਾਰਾਂ ਤੋ ਮਾਣ-ਤਾਣ ਕਰਵਾਇਆ ਐ।”ਮੈਂ ਮਿਲੇ ਡਾਲਰ ਉਹਨੂੰ ਵਿਖਾਏ ਜੇਬ੍ਹ ਚੋਂ ਕੱਢ ਕੇ। ਉਹ ਬੜਾ ਬਾਗੋ ਬਾਗ਼ ਹੋਇਆ। ਕਹਿੰਦਾ, “ਮੂਰਖਾ, ਕਿਤੇ ਡੇਗ ਲਵੇਂਗਾ ਜਾਂ ਕੋਈ ਚੁੱਕ ਲਵੇਗਾ, ਚੱਲ ਮੈਂ ਚੱਲਾਂ ਤੇਰੇ ਨਾਲ, ਇੰਡੀਆ ਭੇਜਦੇ ਘਰ ਆਪਣੇ, ਘਰ ਵੀ ਲੋੜ ਹੋਵੇਗੀ।”ਅਸੀਂ ਅਕਸਚੇਂਜਰ ਕੋਲ ਆਏ। ਸੌ ਡਾਲਰ ਉਸ ਨੇ ਆਪਣੇ ਕੋਲੋਂ ਪਾਇਆ ਅਤੇ ਸਾਰੇ ਡਾਲਰ ਇੰਡੀਆ ਸਾਡੇ ਘਰ ਪੁੱਜਦੇ ਕਰਵਾ ਦਿੱਤੇ।

ਥੋੜ੍ਹੇ ਦਿਨਾਂ ਬਾਅਦ ਮੈਂ ਵੈਨਕੂਵਰ ਚਲੇ ਜਾਣਾ ਸੀ, ਅਤੇ ਵਿਨੀ ਨੂੰ ਪਤਾ ਸੀ ਕਿ ਉਥੇ ਵੀ ਮੇਰੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਸਮਾਗਮ ਰੱਖ ਰੱਖੇ ਹਨ। ਕਈ ਦਿਨ ਉਹ ਮੱਤਾਂ ਅਤੇ ਸਮਝੌਤੀਆਂ ਦਿੰਦਾ ਰਿਹਾ ਕਿ ਘੁੱਗੀ, ਸੋਚ ਸਮਝ ਕੇ ਰਹਿਣਾ, ਆਪਣਾ ਧਿਆਨ ਰੱਖਣਾ, ਹਰੇਕ ਕਿਸੇ ਨਾਲ ਦਾਰੂ ਨਹੀਂ ਪੀਣੀ। ਦਿਲ ਦੇ ਭੇਦ ਨਹੀਂ ਦੇਣੇ, ਜਣੇ ਖਣੇ ਨੂੰ। ਜੇ ਤੇਰੀ ਕੋਈ ਕੰਪਲੇਂਟ ਆਈ ਤਾਂ ਤੇਰੀ ਧੌਣ ਕੁੱਟਾਂਗਾ, ਦੇਖੀਂ ਜਾਈਂ ਫ਼ਿਰ। ਵੈਨਕੂਵਰ ਦੀ ਫ਼ਲਾਈਟ ਬਿਠਾਉਣ ਵਿਨੀ ਅਤੇ ਇੱਕ ਉਹਦਾ ਦੋਸਤ ਆਏ, ਦੋਸਤ ਸ਼ਾਇਦ ਢੀਂਡਸਾ ਸੀ। ਵੈਨਕੂਵਰ ਪਹੁੰਚਦੇ ਸਾਰ ਬਿਜ਼ੀ ਹੋ ਗਿਆ ਸਾਂ। TV-ਰੇਡੀਓ ਦੇ ਪ੍ਰੋਗਰਾਮ, ਮਿਲਣੀਆਂ ਮੁਲਾਕਾਤਾਂ। ਲੈਕਚਰ। ਵਿਨੀ ਦਾ ਫ਼ੋਨ ਰੋਜ਼ ਆਉਂਦਾ ਅਤੇ ਦਿਨ ਭਰ ਦੀਆਂ ਆਪਣੀਆਂ ਸਰਗਰਮੀਆਂ ਬਾਰੇ ਉਸ ਨੂੰ ਦੱਸਦਾ। ਉਹ ਬੜਾ ਖ਼ੁਸ਼ ਹੁੰਦਾ ਸੁਣ ਕੇ ਸਾਰਾ ਹਾਲ ਹਵਾਲ।

(ਬਾਕੀ ਅਗਲੇ ਹਫ਼ਤੇ)